ਅੱਜ ਤੋਂ ਤਕਰੀਬਨ 35 ਕੁ ਸਾਲ ਪਹਿਲਾਂ ਬਾਬਾ ਜੋਰਾ ਸਿੰਘ ਲੱਖਾ ਵਲੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਦਾ ਸਦਾ ਲਈ ਇਸ ਅਨੰਦਪੁਰੀ ਨੂੰ ਛੱਡ ਜਾਣ ਦੀ ਯਾਦ ਤਾਜ਼ਾ ਕਰਦਿਆਂ ਕਿਲ੍ਹਾ ਅਨੰਦਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਲੌਕਿਕ ਦਸਮੇਸ਼ ਪੈਦਲ ਮਾਰਚ ਦੀ ਅਰੰਭਤਾ ਕੀਤੀ ਗਈ ਸੀ।

ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਅੱਜ ਤੋਂ ਤਕਰੀਬਨ 35 ਕੁ ਸਾਲ ਪਹਿਲਾਂ ਬਾਬਾ ਜੋਰਾ ਸਿੰਘ ਲੱਖਾ ਵਲੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਦਾ ਸਦਾ ਲਈ ਇਸ ਅਨੰਦਪੁਰੀ ਨੂੰ ਛੱਡ ਜਾਣ ਦੀ ਯਾਦ ਤਾਜ਼ਾ ਕਰਦਿਆਂ ਕਿਲ੍ਹਾ ਅਨੰਦਗੜ੍ਹ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਲੌਕਿਕ ਦਸਮੇਸ਼ ਪੈਦਲ ਮਾਰਚ ਦੀ ਅਰੰਭਤਾ ਕੀਤੀ ਗਈ ਸੀ। ਦਸਮ ਪਾਤਸ਼ਾਹ ਵਲੋਂ ਅੱਧੀ ਕੁ ਰਾਤ ਨੂੰ ਆਪਣੀ ਪਿਆਰੀ ਅਨੰਦਪੁਰੀ ਨੂੰ ਸਦਾ ਸਦਾ ਦੇ ਲਈ ਅਲਵਿਦਾ ਕਿਹਾ ਗਿਆ ਸੀ ਤੇ ਬਾਬਾ ਜੋਰਾ ਸਿੰਘ ਲੱਖਾ ਵਲੋਂ ਉਸ ਯਾਦ ਨੂੰ ਤਾਜ਼ਾ ਕਰਨ ਦੇ ਲਈ ਅੱਧੀ ਕੁ ਰਾਤ ਨੂੰ ਹੀ ਇਹ ਨਗਰ ਕੀਰਤਨ ਪੜਾਅ ਦਰ ਪੜਾਅ ਅਰੰਭ ਕਰ ਕੇ ਮੈਹਦੇਆਣਾ ਸਾਹਿਬ ਤੱਕ ਲਿਜਾਇਆ ਜਾਂਦਾ ਸੀ। ਉਸ ਸਮੇ ਇਸ ਦੇ ਨਾਲ ਪੰਜ ਪਿਆਰੇ, ਪੰਜ ਨਿਸ਼ਾਨਚੀ ਤੇ ਕੁੱਝ ਕੁ ਸੰਗਤਾਂ ਹੀ ਹੁੰਦੀਆਂ ਸਨ ਤੇ ਰਾਤ ਦੇ ਹਨੇਰੇ ਵਿਚ ਹੀ ਇਹ ਪੈਦਲ ਮਾਰਚ ਅਨੰਦਪੁਰੀ ਦੀ ਜੂਹ ਤੋਂ ਬਾਹਰ ਆਪਣੇ ਅਗਲੇ ਪੜਾਅ ਵੱਲ ਕੂਚ ਕਰ ਜਾਂਦਾ ਸੀ। ਹੌਲੀ-ਹੌਲੀ ਸਮੇ ਨੇ ਕਰਵਟ ਲਈ। ਇਸ ਆਲੌਕਿਕ ਦਸਮੇਸ਼ ਪੈਦਲ ਮਾਰਚ ਨਾਲ ਜਿੱਥੇ ਸੰਗਤਾਂ ਦੀ ਬਹੁ ਗਿਣਤੀ ਜੁੜਣੀ ਸ਼ੁਰੂ ਹੋਈ, ਉਥੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਨੂੰ ਭਰਵਾਂ ਸਹਿਯੋਗ ਦਿਤਾ ਜਾਣ ਲੱਗਾ।
ਇਸ ਨਗਰ ਕੀਰਤਨ ਵਿਚ ਤਖਤਾਂ ਦੇ ਜਥੇਦਾਰ, ਸ਼ੋ੍ਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਸਮੇਤ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣ ਲਗ ਪਏ। ਗੁਰੂ ਸਾਹਿਬ, ਚਾਰੇ ਸਾਹਿਬਜ਼ਾਦੇ, ਪਰਿਵਾਰਕ ਮੈਂਬਰ, ਪਿਆਰੇ ਸਿੱਖਾਂ ਵਲੋਂ ਅਨੰਦਪੁਰੀ ਨੂੰ ਛੱਡ ਕੇ ਜਾਣ ਦੇ ਦਿ੍ਸ਼ ਨੂੰ ਭਾਈ ਰਾਜਾ ਸਿੰਘ ਵਲੋਂ ਕਵਿਤਾਵਾਂ ਰਾਹੀ ਬਹੁਤ ਹੀ ਵੈਰਾਗਮਈ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਜੋ ਸਾਰੀ ਸੰਗਤ ਦੀਆਂ ਅੱਖਾਂ ਵਿਚ ਆਪ ਮੁਹਾਰੇ ਹੰਝੂ ਕੇਰ ਦਿੰਦਾ ਹੈ। ਲੋਕ ਇਸ ਮੌਕੇ ਆਪਸ ਵਿਚ ਗੱਲਾਂ ਨਹੀ ਕਰਦੇ, ਸਗੋਂ ਉਨਾਂ੍ਹ ਇਤਹਾਸਕ ਪਲਾਂ ਨੂੰ ਆਪਣੇ ਅੰਦਰ ਤੱਕ ਲਿਜਾਂਦੇ ਹਨ, ਜੋ ਗੁਰੂ ਪਾਤਸ਼ਾਹ ਨੇ ਇਸ ਸਰਦੀ ਦੀਆਂ ਕਹਿਰ ਭਰੀਆਂ ਰਾਤਾਂ ਨੂੰ ਆਪਣੇ ਪਿੰਡੇ 'ਤੇ ਹੰਢਾਇਆ। ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਕਵਿਤਾਵਾਂ ਰਾਹੀਂ ਬਿਆਨ ਕਰਦਿਆਂ ਸਾਰੀ ਸੰਗਤ ਭਾਵੁਕਤਾ ਦਾ ਅਹਿਸਾਸ ਆਪਣੇ ਮਨਾਂ ਵਿਚ ਸਮੋਅ ਲੈਂਦੀ ਹੈ।
ਹੁਣ ਭਾਈ ਕੁਲਵੰਤ ਸਿੰਘ ਲੱਖਾ ਨਿਭਾ ਰਹੇ ਨੇ ਸੇਵਾ
ਬਾਬਾ ਜੋਰਾ ਸਿੰਘ ਲੱਖਾ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਉਨ੍ਹਾਂ ਦੇ ਪੋਤੇ ਭਾਈ ਕੁਲਵੰਤ ਸਿੰਘ ਲੱਖਾ ਇਹ ਸੇਵਾ ਨਿਭਾ ਰਹੇ ਹਨ। ਸੰਨ 2018 ਤੋਂ ਭਾਈ ਕੁਲਵੰਤ ਸਿੰਘ ਵਲੋਂ ਉਸੇ ਤਰਾਂ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਅਗਵਾਈ ਵਿਚ ਪੰਜ ਪਿਆਰੇ, ਪੰਜ ਨਿਸ਼ਾਨਚੀ, ਨਗਾਰੇ, ਊਠਾਂ, ਹਾਥੀਆਂ, ਘੋੜਿਆਂ ਦੇ ਨਾਲ ਦਸਮੇਸ਼ ਪੈਦਲ ਮਾਰਚ ਲਿਜਾਇਆ ਜਾਂਦਾ ਹੈ ਜਿਸ ਵਿਚ ਸੰਗਤਾਂ ਦੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਵੈਰਾਗਮਈ ਪਲਾਂ ਦੀ ਯਾਦ ਵੀ ਹੁੰਦੀ ਹੈ ਜੋ ਇਤਹਾਸ ਦੇ ਖੂਨੀ ਪਲਾਂ ਦੀ ਯਾਦ ਦੁਆਉਂਦੀ ਹੈ। ਇਨਾਂ੍ਹ ਦੇ ਨਾਲ ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ ਵੀ ਹੁੰਦੇ ਹਨ ਜੋ ਪੂਰਾ ਸਮਾ ਨਗਰ ਕੀਰਤਨ ਵਿਚ ਥਾਂ ਥਾਂ ਸਟੇਜ ਸੰਭਾਲ ਕੇ ਪੂਰਾ ਸਹਿਯੋਗ ਦਿੰਦੇ ਹਨ।
ਸੰਗਤਾਂ ਲਈ ਚਾਹ ਪ੍ਰਸ਼ਾਦੇ ਦੇ ਲੰਗਰ ਲਗਾਉਣੇ ਲੋਕ ਆਪਣੇ ਧੰਨ ਭਾਗ ਸਮਝਦੇ ਹਨ ਤੇ ਇਸ ਸਰਦੀ ਦੇ ਸਮੇ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਥਾਂ ਥਾਂ ਲਗਾਏ ਜਾਂਦੇ ਹਨ।
ਸਿਆਸੀ ਰੰਗਤ ਨਾ ਦਿੱਤੇ ਜਾਣਾ ਸ਼ਲਾਘਾਯੋਗ
ਭਾਵੇਂ ਕਿ ਬਹੁਤ ਸਾਰੇ ਵੱਡੇ ਸਮਾਗਮਾਂ ਵਿਚ ਸਿਆਸੀ ਰੰਗ ਚੜ੍ਹ ਜਾਂਦਾ ਹੈ ਪਰ ਇਸ ਆਲੌਕਿਕ ਦਸਮੇਸ਼ ਪੈਦਲ ਮਾਰਚ ਵਿਚ ਸਿਆਸੀ ਰੰਗ ਨਾ ਚਾੜਣ ਦਿਤਾ ਗਿਆ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮਾਰਚ ਵਿਚ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸ਼ਮੂਲੀਅਤ ਕਰਦੇ ਹਨ ਪਰ ਕਿਸੇ ਵੀ ਤਰਾਂ ਦੀ ਕੋਈ ਸਿਆਸੀ ਗੱਲ ਨਹੀ ਕੀਤੀ ਜਾਂਦੀ ਸਗੋਂ ਸਾਰੇ ਹੀ ਉਸ ਸਮੇ ਭਾਵੁਕ ਹੋ ਕੇ ਵੈਰਾਗਮਈ ਪਲਾਂ ਵਿਚ ਅੱਖਾਂ ਭਰ ਕੇ ਪੈਦਲ ਤੁਰਦੇ ਹਨ।
ਪੜਾਅ ਦਰ ਪੜਾਅ ਮਹਿੰਦਿਆਣਾ ਪਹੁੰਚੇਗਾ ਆਲੌਕਿਕ ਦਸਮੇਸ਼ ਪੈਦਲ ਮਾਰਚ
ਨਗਰ ਕੀਰਤਨ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਦੱਸਿਆ ਕਿ ਇਹ 29ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਹੈ ਜੋ ਕਿਲ੍ਹਾ ਛੋੜ ਦਿਵਸ ਨੂੰ ਸਮਰਪਿਤ ਹੈ। ਇਹ ਨਗਰ ਕੀਰਤਨ 21-22 ਪੋਹ ਦੀ ਰਾਤ, 22 ਦਸੰਬਰ ਅਮਿੰ੍ਤ ਵੇਲੇ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਾਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ 22 ਦਸੰਬਰ ਦੀ ਰਾਤ ਗੁ:ਪਰਿਵਾਰ ਵਿਛੋੜਾ, 23 ਨੂੰ ਗੁਰਦੁਆਰਾ ਭੱਠਾ ਸਾਹਿਬ, 24 ਨੂੰ ਦੁੱਗਰੀ, 25 ਨੂੰ ਚਮਕੌਰ ਸਾਹਿਬ, 26 ਨੂੰ ਸ਼੍ਰੀ ਝਾੜ
ਸਾਹਿਬ, 27 ਨੂੰ ਮਾਛੀਵਾੜਾ ਸਾਹਿਬ, 28 ਨੂੰ ਕਟਾਣਾ ਸਾਹਿਬ, 29 ਨੂੰ ਗੁਰਦੁਆਰਾ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ, 30 ਨੂੰ ਆਲਮਗੀਰ ਸਾਹਿਬ, 31 ਨੂੰ ਟਾਹਲੀ ਸਾਹਿਬ ਰਤਨ, 1 ਜਨਵਰੀ ਨੂੰ ਮੋਹੀ, 2 ਨੂੰ ਹੇਰਾਂ, 3 ਨੂੰ ਗੁ:ਟਾਹਲੀਆਣਾ ਸਾਹਿਬ ਰਾਏਕੋਟ, 4 ਨੂੰ ਲੰਮੇ ਜਟਪੁਰਾ, 5 ਜਨਵਰੀ ਨੂੰ ਗੁਰਦੁਆਰਾ ਮਹਿੰਦਿਆਣਾ ਸਾਹਿਬ ਵਿਖੇ ਸਮਾਪਤੀ ਹੋਵੇਗੀ। ਉਨਾਂ੍ਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਨਾਂ੍ਹ ਸਾਰੇ ਸਮਾਗਮਾਂ 'ਚ ਸ਼ਾਮਲ ਹੋ ਕੇ ਗੁਰੂ ਸਾਹਿਬ ਦੀ ਯਾਦ ਨੂੰ ਤਾਜ਼ਾ ਕਰੀਏ।