ਡਾ. ਜੋਤ ਵੰਸ਼ ਵੱਲੋਂ ਮੁਹੱਲਾ ਕਲੀਨਿਕ ਨੂੰ ਮਸ਼ੀਨਾਂ ਦਾਨ
ਅਬਿਆਣਾ ਮੁਹੱਲਾ ਕਲੀਨਿਕ ਵਿਚ ਡਾਕਟਰ ਜੋਤ ਵੰਸ਼ ਸਿੰਘ ਵੱਲੋਂ ਲੋਕ ਸੇਵਾ ਦਾ ਹੋਰ ਸ਼ਲਾਘਾਯੋਗ ਉਪਰਾਲਾ
Publish Date: Thu, 22 Jan 2026 03:45 PM (IST)
Updated Date: Thu, 22 Jan 2026 03:48 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਮੈਡੀਕਲ ਖੇਤਰ ਦੇ ਨਾਲ-ਨਾਲ ਲੋਕ ਸੇਵਾ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਪਾਉਂਦੇ ਆ ਰਹੇ ਸਰਕਾਰੀ ਡਿਸਪੈਂਸਰੀ ਅਤੇ ਮੁਹੱਲਾ ਕਲੀਨਿਕ ਅਬਿਆਣਾ ਵਿਖੇ ਤੈਨਾਤ ਮੈਡੀਕਲ ਅਫਸਰ ਡਾਕਟਰ ਜੋਤ ਵੰਸ਼ ਸਿੰਘ ਵੱਲੋਂ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਮੁਹੱਲਾ ਕਲੀਨਿਕ ਵਿਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਨਿੱਜੀ ਤਨਖਾਹ ਵਿੱਚੋਂ ਗਰਮ-ਠੰਡੇ ਪਾਣੀ ਵਾਲਾ ਵਾਟਰ ਡਿਸਪੈਂਸਰ ਅਤੇ ਗਰਭਵਤੀ ਮਹਿਲਾਵਾਂ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਧੜਕਨ ਜਾਂਚਣ ਲਈ ਅਲਟਰਾਸਾਊਂਡ ਫੀਟਲ ਡੋਪਲਰ ਮਸ਼ੀਨ ਖਰੀਦ ਕੇ ਦਾਨ ਕੀਤੀ। ਇਹ ਦੋਵੇਂ ਮਹੱਤਵਪੂਰਨ ਸਹੂਲਤਾਂ ਡਾਕਟਰ ਜੋਤ ਵੰਸ਼ ਸਿੰਘ ਵੱਲੋਂ ਡਿਸਪੈਂਸਰੀ ਦੇ ਸਟਾਫ ਅਤੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਸਰਕਾਰੀ ਡਿਸਪੈਂਸਰੀ ਨੂੰ ਸਪੁਰਦ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਜੋਤ ਵੰਸ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਇਨਸਾਨ ਦਾ ਸਭ ਤੋਂ ਵੱਡਾ ਧਰਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਖੁਸ਼ੀ ਅਤੇ ਆਤਮਿਕ ਸੰਤੁਸ਼ਟੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਮਿਲਦੀ ਹੈ, ਉਹ ਕਿਸੇ ਵੀ ਧਨ-ਦੌਲਤ ਨਾਲ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਵਿਚ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਅਤੇ ਆਮ ਮਰੀਜ਼ਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਹਾਜ਼ਰ ਪੰਚਾਇਤ ਮੈਂਬਰ ਪਰਮਜੀਤ ਸਿੰਘ, ਫਾਰਮਾਸਿਸਟ ਨਿਖਿਲ ਨੇ ਡਾਕਟਰ ਜੋਤ ਵੰਸ਼ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਡਾਕਟਰ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੁੰਦੇ ਹਨ, ਜੋ ਆਪਣੀ ਡਿਊਟੀ ਤੋਂ ਉਪਰ ਉੱਠ ਕੇ ਲੋਕ ਭਲਾਈ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਜੋਤ ਵੰਸ਼ ਦੀ ਇਹ ਕੋਸ਼ਿਸ਼ ਪਿੰਡ ਵਾਸੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਇਹ ਸਹੂਲਤਾਂ ਮੁਹੱਲਾ ਕਲੀਨਿਕ ਦੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਗੀਆਂ।