2026 ਵਿਚ ਅਨੰਦਪੁਰ ਸਾਹਿਬ ਨੂੰ ਦੋ ਵੱਡੇ ਪ੍ਰੋਜੈਕਟਾਂ ਦੀ ਆਸ
2026 ਵਿਚ ਅਨੰਦਪੁਰ ਸਾਹਿਬ ਨੂੰ ਦੋ ਵੱਡੇ ਪ੍ਰੋਜੈਕਟਾਂ ਦੀ ਆਸ
Publish Date: Wed, 31 Dec 2025 04:17 PM (IST)
Updated Date: Wed, 31 Dec 2025 04:20 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ 2026 ਵਿਚ ਵਿਕਾਸ ਦੇ ਦੋ ਵੱਡੇ ਪ੍ਰੋਜੈਕਟਾਂ ਤੋਂ ਵੱਡੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਇੱਕ ਪਾਸੇ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਸਫੈਦ ਵਿਰਾਸਤੀ ਮਾਰਗ ਹੈ, ਜਦਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਗਈ ਯੂਨੀਵਰਸਿਟੀ ਦੇ ਅਗਲੇ ਸਾਲ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵੇਂ ਯੋਜਨਾਵਾਂ ਜੇਕਰ ਅਮਲੀ ਰੂਪ ਧਾਰ ਲੈਂਦੀਆਂ ਹਨ ਤਾਂ ਇਹ ਸਿਰਫ਼ ਗੁਰੂ ਨਗਰੀ ਹੀ ਨਹੀਂ ਸਗੋਂ ਆਸ-ਪਾਸ ਦੇ ਸਮੁੱਚੇ ਇਲਾਕੇ ਦੀ ਤਸਵੀਰ ਬਦਲ ਸਕਦੀਆਂ ਹਨ। ਸਫੈਦ ਵਿਰਾਸਤੀ ਮਾਰਗ ਦੇ ਮੁਕੰਮਲ ਹੋਣ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ, ਇਤਿਹਾਸਕ ਮਹੱਤਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮਾਰਗ ਰਾਹੀਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਸ਼ਹਿਰ ਦੇ ਵਪਾਰ, ਰੋਜ਼ਗਾਰ ਅਤੇ ਟੂਰਿਜ਼ਮ ਨੂੰ ਨਵਾਂ ਹੁੰਗਾਰਾ ਮਿਲੇਗਾ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸ਼ਹੀਦੀ ਸ਼ਤਾਬਦੀ ਮੌਕੇ ਐਲਾਨੀ ਗਈ ਯੂਨੀਵਰਸਿਟੀ ਪਛੜੇ ਮੰਨੇ ਜਾਂਦੇ ਇਸ ਇਲਾਕੇ ਲਈ ਇਤਿਹਾਸਕ ਸਾਬਤ ਹੋ ਸਕਦੀ ਹੈ। ਯੂਨੀਵਰਸਿਟੀ ਸਥਾਪਿਤ ਹੋਣ ਨਾਲ ਇਥੋਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਦੂਰ ਦੁਰਾਡੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ ਰਹੇਗੀ, ਜਦਕਿ ਨੇੜਲੇ ਇਲਾਕਿਆਂ ਦੇ ਬੱਚੇ ਵੀ ਸ੍ਰੀ ਅਨੰਦਪੁਰ ਸਾਹਿਬ ਆ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ। ਇਸ ਨਾਲ ਸਿੱਖਿਆ ਦੇ ਨਾਲ ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵੀ ਗਤੀ ਮਿਲੇਗੀ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਯੂਨੀਵਰਸਿਟੀ ਦਾ ਐਲਾਨ ਕੀਤਾ ਗਿਆ ਹੈ, ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਇਸਨੂੰ ਅਮਲੀ ਰੂਪ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਇਹ ਐਲਾਨ ਸੰਭਵ ਹੋਇਆ ਹੈ ਅਤੇ ਇਸ ਨੂੰ ਬਹੁਤ ਜਲਦ ਪੂਰਾ ਕਰ ਲਿਆ ਜਾਵੇਗਾ। ਸਫੈਦ ਵਿਰਾਸਤੀ ਮਾਰਗ ਬਾਰੇ ਗੱਲ ਕਰਦਿਆਂ ਕਮਿਕਰ ਸਿੰਘ ਡਾਢੀ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕਰਦੇ ਹਨ ਕਿ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮਾਰਗ ਨੂੰ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਇੱਥੇ ਆ ਕੇ ਦੀਦਾਰ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਥੇ ਲਿਆਂਦਾ ਗਿਆ ਹੈ, ਪਰ ਜੇਕਰ ਸਮੇਂ ਸਿਰ ਇਸਨੂੰ ਸ਼ੁਰੂ ਨਾ ਕੀਤਾ ਗਿਆ ਤਾਂ ਇਸ ਲਈ ਮਨਜ਼ੂਰ ਕੀਤੀ ਰਕਮ ਵਾਪਸ ਹੋ ਸਕਦੀ ਹੈ। ਉਨ੍ਹਾਂ ਆਸ ਜਤਾਈ ਕਿ ਜੇਕਰ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਮਾਰਗ ਦਾ ਕੰਮ ਬਹੁਤ ਜਲਦ ਮੁਕੰਮਲ ਕੀਤਾ ਜਾ ਸਕੇਗਾ। ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਧਾਰਮਿਕ ਸੰਸਥਾਵਾਂ ਤੋਂ ਉਮੀਦ ਜਤਾਈ ਹੈ ਕਿ ਸ਼ਹੀਦੀ ਸ਼ਤਾਬਦੀ ਮੌਕੇ ਕੀਤੇ ਗਏ ਐਲਾਨਾਂ ਨੂੰ ਜ਼ਮੀਨੀ ਹਕੀਕਤ ਬਣਾਇਆ ਜਾਵੇ, ਤਾਂ ਜੋ 2026 ਗੁਰੂ ਨਗਰੀ ਦੇ ਇਤਿਹਾਸ ਵਿੱਚ ਵਿਕਾਸ ਦੇ ਨਵੇਂ ਅਧਿਆਇ ਵਜੋਂ ਦਰਜ ਹੋ ਸਕੇ।