ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਵਿਕਸਿਤ ਯੂਥ ਪਾਰਲੀਮੈਂਟ-2026 ਕਰਵਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਵਿਕਸਿਤ ਯੂਥ ਪਾਰਲੀਮੈਂਟ 2026 ਦਾ ਆਯੋਜਨ
Publish Date: Sat, 17 Jan 2026 04:19 PM (IST)
Updated Date: Sat, 17 Jan 2026 04:21 PM (IST)

- ਲੋਕਤੰਤਰ ਦੀ ਪਹਿਰੇਦਾਰੀ ’ਚ ਨੌਜਵਾਨ ਆਵਾਜ਼ਾਂ : ਵਿਕਸਿਤ ਯੂਥ ਪਾਰਲੀਮੈਂਟ 2026 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਵਿਕਸਿਤ ਯੂਥ ਪਾਰਲੀਮੈਂਟ 2026 ਕਰਵਾਈ ਗਈ, ਜਿਸ ਨੇ ਨੌਜਵਾਨਾਂ ਨੂੰ ਲੋਕਤੰਤਰਕ ਸੰਵਾਦ ਅਤੇ ਸੰਸਦੀ ਚਰਚਾ ਲਈ ਇੱਕ ਸਾਰਥਕ ਮੰਚ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਵਿੱਚ 137 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਸਰਗਰਮ ਭਾਗੀਦਾਰੀ ਕਰਦਿਆਂ ¬‘ਐਮਰਜੈਂਸੀ ਦੇ 50 ਸਾਲ: ਭਾਰਤੀ ਲੋਕਤੰਤਰ ਲਈ ਸਿੱਖਿਆਵਾਂ’ ਵਿਸ਼ੇ ’ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰੋਗਰਾਮ ਦੇ ਸਮਾਪਨ ਸਮਾਗਮ ਦੌਰਾਨ ਪ੍ਰੋ. ਡਾ. ਪਰਿਤ ਪਾਲ ਸਿੰਘ, ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਰਗੇ ਇਤਿਹਾਸਕ ਦੌਰਾਂ ’ਤੇ ਵਿਚਾਰ ਕਰਨਾ ਨੌਜਵਾਨਾਂ ਵਿੱਚ ਲੋਕਤੰਤਰਕ ਜਾਗਰੂਕਤਾ ਵਧਾਉਂਦਾ ਹੈ ਅਤੇ ਸੰਵਿਧਾਨਕ ਮੁੱਲਾਂ ਪ੍ਰਤੀ ਨਿਸ਼ਠਾ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਪਹਿਲਾਂ, ਪ੍ਰੋਗਰਾਮ ਦਾ ਉਦਘਾਟਨ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਨੌਜਵਾਨਾਂ ਦੀ ਭੂਮਿਕਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਦੀ ਰੱਖਿਆ ਵਿੱਚ ਯੁਵਾ ਵਰਗ ਦੀ ਅਹੰਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਯੂਥ ਪਾਰਲੀਮੈਂਟ ਵਰਗੇ ਮੰਚ ਵਿਦਿਆਰਥੀਆਂ ਵਿੱਚ ਨੇਤ੍ਰਤਵ ਗੁਣ, ਆਲੋਚਨਾਤਮਕ ਸੋਚ ਅਤੇ ਜਾਗਰੂਕ ਨਾਗਰਿਕਤਾ ਨੂੰ ਵਿਕਸਿਤ ਕਰਦੇ ਹਨ। ਚਰਚਾਵਾਂ ਦੀ ਮੂਲਾਂਕਣ ਪ੍ਰਕਿਰਿਆ ਇੱਕ ਵਿਸ਼ੇਸ਼ ਜੂਰੀ ਪੈਨਲ ਵੱਲੋਂ ਕੀਤੀ ਗਈ, ਜਿਸ ਵਿੱਚ ਡਾ. ਸਤਪਾਲ ਸਿੰਘ, ਡਾ. ਅਨੁਰਾਧਾ ਸੇਕਰੀ, ਡਾ. ਹਰਬੀਰ ਕੌਰ, ਗਗਨਦੀਪ ਸਿੰਘ ਅਤੇ ਡਾ. ਹਰਨੀਤ ਬਿਲਿੰਗ ਸ਼ਾਮਲ ਸਨ। ਜੂਰੀ ਨੇ ਵਿਦਿਆਰਥੀਆਂ ਦੀ ਗਹਿਰੀ ਖੋਜ, ਸਪਸ਼ਟ ਅਭਿਵ੍ਕਤੀ ਅਤੇ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਦੀ ਖ਼ੂਬ ਪ੍ਰਸ਼ੰਸਾ ਕੀਤੀ। ਇਸ ਦੌਰਾਨ ਸਰਵੋਤਮ ਦਸ ਪ੍ਰਦਰਸ਼ਨਕਾਰੀਆਂ ਨੂੰ ਚੁਣਿਆ ਗਿਆ, ਜੋ ਜ਼ਿਲ੍ਹਾ ਪੱਧਰ ਦੀ ਨੁਮਾਇੰਦਗੀ ਕਰਦਿਆਂ ਰਾਜ ਪੱਧਰੀ ਵਿਕਸਿਤ ਯੂਥ ਪਾਰਲੀਮੈਂਟ ਵਿੱਚ ਭਾਗ ਲੈਣਗੇ। ਇਹ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੋਹਾਂ ਲਈ ਮਾਣਯੋਗ ਉਪਲਬਧੀ ਹੈ। ਪ੍ਰੋਗਰਾਮ ਦੀ ਕਨਵੀਨਰ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ, ਵੱਲੋਂ ਕੀਤੀ ਗਈ, ਜਦਕਿ ਡਾ. ਹਰਨੀਤ ਬਿਲਿੰਗ, ਪ੍ਰੋਗਰਾਮ ਕੋਆਰਡੀਨੇਟਰ, ਐਨ.ਐਸ.ਐਸ., ਨੇ ਸਮੂਹ ਕਾਰਜਕ੍ਰਮ ਦੀ ਸੁਚੱਜੀ ਪ੍ਰਬੰਧਨਾ ਯਕੀਨੀ ਬਣਾਈ। ਇਸ ਮੌਕੇ ਕਾਰਤਿਕ ਸਿੰਗਲਾ, ਡਿਸਟ੍ਰਿਕਟ ਯੂਥ ਅਫਸਰ, ਫਤਿਹਗੜ੍ਹ ਸਾਹਿਬ, ਨੇ ਵੀ ਯੂਨੀਵਰਸਿਟੀ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਜ਼ਿੰਮੇਵਾਰ, ਸੂਚੇਤ ਅਤੇ ਸਰਗਰਮ ਨਾਗਰਿਕ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਿਕਸਿਤ ਯੂਥ ਪਾਰਲੀਮੈਂਟ 2026 ਦਾ ਸਮਾਪਨ ਵਿਦਿਆਰਥੀਆਂ ਵਿੱਚ ਲੋਕਤੰਤਰਕ ਮੁੱਲਾਂ, ਸੰਵਿਧਾਨਕ ਨੈਤਿਕਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਯੁਵਾ ਭਾਗੀਦਾਰੀ ਪ੍ਰਤੀ ਨਵੀਂ ਪ੍ਰਤਿਬੱਧਤਾ ਨਾਲ ਹੋਇਆ।