ਵਿਆਹ ਤੋਂ ਨਾਂਹ ਤੇ ਬੇਇੱਜ਼ਤੀ ਨਾ ਸਹਿ ਸਕਿਆ ਨੌਜਵਾਨ: ਪ੍ਰੇਮਿਕਾ ਦੇ ਪਿਤਾ ਨੇ ਮਾਰੇ ਸੀ ਥੱਪੜ, ਦੁਖੀ ਹੋ ਕੇ ਕੀਤੀ ਖੁਦਕੁਸ਼ੀ
ਮ੍ਰਿਤਕ ਦੀ ਨਾਨੀ ਸ਼ੀਲਾ ਰਾਣੀ ਵਾਸੀ ਬੀ-ਟੈਂਕ ਮੁਹੱਲਾ ਪਟਿਆਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋਹਤੇ ਗੁਰਚਰਨ ਸਿੰਘ ਦੀ ਦੋਸਤੀ ਮੁਲਜ਼ਮ ਕਮਲੇਸ਼ ਯਾਦਵ ਦੀ ਲੜਕੀ ਨੇਹਾ ਨਾਲ ਸੀ। ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ।
Publish Date: Wed, 13 May 2026 12:25 PM (IST)
Updated Date: Wed, 13 May 2026 12:30 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਸ਼ਹਿਰ ਦੇ ਬੀ-ਟੈਂਕ ਮੁਹੱਲਾ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 31 ਸਾਲਾ ਨੌਜਵਾਨ ਗੁਰਚਰਨ ਸਿੰਘ ਨੇ ਕਥਿਤ ਤੌਰ 'ਤੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਕਮਲੇਸ਼ ਯਾਦਵ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਨਾਨੀ ਸ਼ੀਲਾ ਰਾਣੀ ਵਾਸੀ ਬੀ-ਟੈਂਕ ਮੁਹੱਲਾ ਪਟਿਆਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋਹਤੇ ਗੁਰਚਰਨ ਸਿੰਘ ਦੀ ਦੋਸਤੀ ਮੁਲਜ਼ਮ ਕਮਲੇਸ਼ ਯਾਦਵ ਦੀ ਲੜਕੀ ਨੇਹਾ ਨਾਲ ਸੀ। ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ। ਦੋਸ਼ ਹੈ ਕਿ ਇਸੇ ਸਿਲਸਿਲੇ ਵਿੱਚ ਜਦੋਂ ਸ਼ੀਲਾ ਰਾਣੀ ਆਪਣੇ ਦੋਹਤੇ ਨੂੰ ਨਾਲ ਲੈ ਕੇ ਲੜਕੀ ਦੇ ਪਿਤਾ ਕਮਲੇਸ਼ ਯਾਦਵ ਦੇ ਘਰ ਵਿਆਹ ਦੀ ਗੱਲ ਕਰਨ ਗਈ, ਤਾਂ ਮੁਲਜ਼ਮ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਅਤੇ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ, ਬੀਤੇ ਦਿਨ 12 ਮਈ ਨੂੰ ਜਦੋਂ ਉਹ ਆਪਣੇ ਦੋਹਤੇ ਨਾਲ ਬਾਜ਼ਾਰ ਜਾਣ ਲਈ ਘਰ ਦੇ ਬਾਹਰ ਖੜ੍ਹੀ ਸੀ, ਤਾਂ ਮੁਲਜ਼ਮ ਕਮਲੇਸ਼ ਉੱਥੇ ਆ ਪਹੁੰਚਿਆ। ਉਸ ਨੇ ਦੁਬਾਰਾ ਗਾਲੀ-ਗਲੋਚ ਕੀਤੀ ਅਤੇ ਗੁਰਚਰਨ ਦੇ ਥੱਪੜ ਵੀ ਮਾਰੇ। ਇਸ ਘਟਨਾ ਤੋਂ ਬਾਅਦ ਸ਼ੀਲਾ ਰਾਣੀ ਆਪਣੇ ਦੋਹਤੇ ਨੂੰ ਸਮਝਾ ਕੇ ਘਰ ਦੇ ਅੰਦਰ ਛੱਡ ਕੇ ਖੁਦ ਬਾਜ਼ਾਰ ਚਲੀ ਗਈ। ਜਦੋਂ ਉਹ ਕੁਝ ਸਮੇਂ ਬਾਅਦ ਬਾਜ਼ਾਰੋਂ ਵਾਪਸ ਪਰਤੀ, ਤਾਂ ਉਸ ਨੇ ਦੇਖਿਆ ਕਿ ਗੁਰਚਰਨ ਸਿੰਘ ਨੇ ਕਮਰੇ ਵਿੱਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵੱਲੋਂ ਕੀਤੀ ਗਈ ਬੇਇੱਜ਼ਤੀ ਅਤੇ ਕੁੱਟਮਾਰ ਕਾਰਨ ਨੌਜਵਾਨ ਕਾਫੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੁਦੈਲਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਕਮਲੇਸ਼ ਯਾਦਵ ਵਾਸੀ ਗੋਬਿੰਦ ਨਗਰ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।