ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਚੀਮਾ
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਕੰਮ ਜੰਗੀ ਪੱਧਰਤੇ ਜਾਰੀ: ਚੀਮਾ
Publish Date: Sat, 17 Jan 2026 06:36 PM (IST)
Updated Date: Sun, 18 Jan 2026 04:13 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਤੇ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ਅਤੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਹ ਦਿੜ੍ਹਬਾ ਅੰਦਰ ਬਣ ਰਹੇ ਕਮਿਊਨਿਟੀ ਹਾਲ ਦਾ ਜਾਇਜ਼ਾ ਲੈਣ ਸਮੇਂ ਗੱਲਬਾਤ ਕਰ ਰਹੇ ਸਨ। ਚੀਮਾ ਨੇ ਕਿਹਾ ਕਿ ਇਸੇ ਲੜੀ ਤਹਿਤ ਦਿੜ੍ਹਬਾ ਵਿਖੇ ਕਰੀਬ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਇਸ ਕਮਿਊਨਿਟੀ ਹਾਲ ਦਾ 50 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ ਤੇ ਰਹਿੰਦਾ ਕੰਮ ਬਹੁਤ ਜਲਦ ਮੁਕੰਮਲ ਕਰਵਾਇਆ ਜਾਵੇਗਾ। ਇਸ ਦੀ ਸਮਰੱਥਾ ਕਰੀਬ 400 ਵਿਅਕਤੀਆਂ ਦੀ ਹੈ।
ਉਨ੍ਹਾਂ ਕਿਹਾ ਕਿ ਦਿੜ੍ਹਬਾ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਅਤੇ ਗਰੀਬ ਲੋਕਾਂ ਦੀ ਚਿਰੋਕਣੀ ਮੰਗ ਸੀ ਕਿ ਖੁਸ਼ੀ-ਗਮੀ ਦੇ ਸਮਾਗਮ ਕਰਨ ਲਈ ਕੋਈ ਹਾਲ ਬਣਾਇਆ ਜਾਵੇ, ਜਿਸ ਦੇ ਮੱਦੇਨਜ਼ਰ ਇਹ ਹਾਲ ਦਾ ਬਣਾਇਆ ਜਾ ਰਿਹਾ ਹੈ।ਇਸ ਹਾਲ ਦਾ ਵੱਡੀ ਗਿਣਤੀ ਲੋਕਾਂ ਨੂੰ ਫਾਇਦਾ ਹੋਵੇਗਾ, ਖਾਸਕਰ ਕੇ ਗ਼ਰੀਬ ਤੇ ਮੱਧਵਰਗੀ ਪਰਿਵਾਰ ਆਪਣੇ ਖੁਸ਼ੀ ਤੇ ਗਮੀ ਸਬੰਧੀ ਸਮਾਗਮ ਬਹੁਤ ਸੌਖਿਆਂ ਇੱਥੇ ਕਰ ਸਕਣਗੇ। ਚੀਮਾ ਨੇ ਕਿਹਾ ਕਿ ਗਰੀਬ ਤੇ ਮੱਧ ਵਰਗੀ ਪਰਿਵਾਰ ਜਦੋਂ ਆਪਣੇ ਸਮਾਗਮ ਕਰਜ਼ਾ ਚੁੱਕ ਕੇ ਮਹਿੰਗੇ ਪੈਲੇਸਾਂ ਵਿੱਚ ਕਰਦੇ ਹਨ ਤਾਂ ਕਰਜ਼ੇ ਦੇ ਬੋਝ ਹੇਠ ਦੱਬੇ ਜਾਂਦੇ ਹਨ ਤੇ ਕਈ-ਕਈ ਸਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਪਰ ਇਹ ਕਮਿਊਨਿਟੀ ਹਾਲ ਲੋਕਾਂ ਲਈ ਸਹਾਈ ਸਿੱਧ ਹੋਵੇਗਾ ਤੇ ਉਨ੍ਹਾਂ ਨੂੰ ਕਰਜ਼ੇ ਤੋਂ ਵੀ ਬਚਾਏਗਾ।
ਇਸ ਮੌਕੇ ਓਐੱਸਡੀ ਤਪਿੰਦਰ ਸਿੰਘ ਸੋਹੀ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਐੱਸਡੀਐੱਮ ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ, ਐੱਸਡੀਓ ਦਲਜੀਤ ਸਿੰਘ, ਐੱਮਸੀ ਸੁਸ਼ੀਲ ਕੁਮਾਰ ਐੱਮਸੀ ਬਲਵਿੰਦਰ ਕੁਮਾਰ ਐਮਸੀ ਰਜੇਸ਼ ਗੋਪ ਹਾਜ਼ਰ ਸਨ।