ਸੰਯੁਕਤ ਕਿਸਾਨ ਮੋਰਚੇ ਨੇ ਕੱਢਿਆ 5ਵਾਂ ਵਿਸ਼ਾਲ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਵਲੋਂ ਗਣਤੰਤਰ ਦਿਵਸ ਮੌਕੇ ਕੱਢੀਆ 5ਵਾਂ ਵਿਸ਼ਾਲ ਟਰੈਕਟਰ ਮਾਰਚ
Publish Date: Tue, 27 Jan 2026 05:07 PM (IST)
Updated Date: Tue, 27 Jan 2026 05:10 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਘਨੌਰ ਅਨਾਜ ਮੰਡੀ ਵਿਖੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਸੀਲ, ਨਛੱਤਰ ਸਿੰਘ ਸੀਲ,ਤਰਸੇਮ ਚੰਦ ਅਜਰਾਵਰ,ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ, ਪਵਨ ਕੁਮਾਰ ਸੋਗਲਪੁਰ, ਗੁਰਦੀਪ ਸਿੰਘ ਸਰਾਲਾ, ਚਰਨਜੀਤ ਸਿੰਘ ਲਾਛੜੂ, ਭਾਰਤੀ ਕਿਸਾਨ ਯੂਨੀਅਨ ਉਗਰਾਓਂ ਦੇ ਦਵਿੰਦਰ ਸਿੰਘ ਸੀਲ, ਬੀਕੇਯੂ ਸ਼ਾਦੀਪੁਰ ਦੇ ਮੇਜਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਅਮਰਜੀਤ ਘਨੌਰ, ਮਨਰੇਗਾ ਆਗੂ ਮਾਸਟਰ ਗੁਰਨਾਮ ਸਿੰਘ ਘਨੌਰ,ਬੀਕੇਯੂ ਰਾਜੇਵਾਲ ਦੇ ਸੂਬਾ ਖਜ਼ਾਨਚੀ ਗੁਲਜਾਰ ਸਿੰਘ, ਹਜੂਰਾ ਸਿੰਘ ਮਿਰਜਾਂਪੁਰ, ਪਰਮਜੀਤ ਸਿੰਘ ਸੰਜਰਪੁਰ ਦੀ ਸਾਂਝੀ ਅਗਵਾਈ ’ਚ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿਲ, ਬੀਜ ਬਿੱਲ ਅਤੇ ਮਨਰੇਗਾ ਨੂੰ ਕਮਜ਼ੋਰ ਕਰਨ ਵਾਲੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵਲੋਂ ਗਣਤੰਤਰ ਦਿਵਸ ਦੇ ਮੌਕੇ ਵਿਸ਼ਾਲ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਰੋਸ ਮੁਜ਼ਾਹਰਾ ਕੀਤਾ ਗਿਆ। ਮਾਰਚ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਟਰੈਕਟਰਾਂ ਕਾਰਾਂ, ਮੋਟਰਸਾਈਕਲ ‘ਤੇ ਝੰਡੇ ਲਹਿਰਾਉਂਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਬੀਜ ਬਿਲ ਰਾਹੀਂ ਬੀਜ ਕੰਪਨੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ, ਜਦਕਿ ਕਿਸਾਨਾਂ ਦੇ ਹੱਕਾਂ ਨੂੰ ਨੁਕਸਾਨ ਪਹੁੰਚੇਗਾ। ਇਸ ਤੋਂ ਇਲਾਵਾ ਮਨਰੇਗਾ ਵਰਗੀਆਂ ਲੋਕ-ਹਿਤੈਸ਼ੀ ਯੋਜਨਾਵਾਂ ਨੂੰ ਕਮਜ਼ੋਰ ਕਰਕੇ ਗਰੀਬਾਂ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਐੱਸਕੇਐੱਮ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ 2020 ਤੋਂ ਲਗਾਤਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਸੰਘਰਸ਼ ਜਾਰੀ ਹੈ।