ਫਿਲਮਕਾਰ ਅਤੇ ਸ਼ਾਇਰ ਗੁਲਜ਼ਾਰ ਦੇ ਸ਼ਬਦਾਂ ’ਚ ਗੱਲ ਕਰੀਏ ਤਾਂ ਮੋਬਾਈਲ ਅਤੇ ਕੰਪਿਊਟਰ ਦੇ ਇਸ ਯੁੱਗ ਵਿਚ ਕਿਤਾਬਾਂ ਬੇਚੈਨ ਰਹਿੰਦੀਆਂ ਹਨ। ਕਿਤਾਬਾਂ ਦੀਆਂ ਜਿਹੜੀਆਂ ਸ਼ਾਮਾਂ ਇਨਸਾਨਾਂ ਦੀ ਸੋਹਬਤ ’ਚ ਲੰਘਦੀਆਂ ਸਨ, ਹੁਣ ਉਹ ਹਸਰਤ ਨਾਲ ਬੰਦ ਅਲਮਾਰੀ ਦੇ ਸ਼ੀਸ਼ਿਆਂ ’ਚੋਂ ਝਾਕਦੀਆਂ ਹਨ।

ਨਵਦੀਪ ਢੀਂਗਰਾ, ਪਟਿਆਲਾ: ਫਿਲਮਕਾਰ ਅਤੇ ਸ਼ਾਇਰ ਗੁਲਜ਼ਾਰ ਦੇ ਸ਼ਬਦਾਂ ’ਚ ਗੱਲ ਕਰੀਏ ਤਾਂ ਮੋਬਾਈਲ ਅਤੇ ਕੰਪਿਊਟਰ ਦੇ ਇਸ ਯੁੱਗ ਵਿਚ ਕਿਤਾਬਾਂ ਬੇਚੈਨ ਰਹਿੰਦੀਆਂ ਹਨ। ਕਿਤਾਬਾਂ ਦੀਆਂ ਜਿਹੜੀਆਂ ਸ਼ਾਮਾਂ ਇਨਸਾਨਾਂ ਦੀ ਸੋਹਬਤ ’ਚ ਲੰਘਦੀਆਂ ਸਨ, ਹੁਣ ਉਹ ਹਸਰਤ ਨਾਲ ਬੰਦ ਅਲਮਾਰੀ ਦੇ ਸ਼ੀਸ਼ਿਆਂ ’ਚੋਂ ਝਾਕਦੀਆਂ ਹਨ। ਕਿਤਾਬਾਂ ਬਾਰੇ ਗੁਲਜ਼ਾਰ ਦੀ ਕਵਿਤਾ ਦਾ ਇਹ ਤਤਕਰਾ ਭਾਵੇਂ ਸਹੀ ਹੈ ਪਰ ਪੰਜਾਬੀ ਯੂਨੀਵਰਸਿਟੀ ’ਚ ਚੱਲ ਰਹੇ ਪੁਸਤਕ ਮੇਲੇ ’ਚ ਪਾਠਕਾਂ ਦਾ ਰੁਝਾਨ ਕਿਤਾਬਾਂ ਲਈ ਆਸ਼ਾ ਦੀ ਕਿਰਨ ਵਾਂਗ ਹੈ।
ਪੰਜਾਬੀ ਯੂਨੀਵਰਸਿਟੀ ’ਚ ਮੰਗਲਵਾਰ ਨੂੰ ਸ਼ੁਰੂ ਹੋਇਆ ਦਸਵਾਂ ਪੁਸਤਕ ਮੇਲਾ ਪਾਠਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਮੇਲੇ ਦੇ ਪਹਿਲੇ ਦਿਨ ਹੀ ਪੁਸਤਕਾਂ ਦੀ 9 ਲੱਖ ਰੁਪਏ ਤੋਂ ਵੱਧ ਦੀ ਵਿਕਰੀ ਹੋਣਾ ਵੀ ਇਸ ਦੀ ਪੁਸ਼ਟੀ ਕਰਦਾ ਹੈ।
ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ ਮੇਲੇ ਵਿਚ 117 ਸਟਾਲਾਂ ਲੱਗੀਆਂ ਹਨ ਜਿਸ ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਤੋਂ ਹਿਮਾਚਲ ਪ੍ਰਦੇਸ਼ ਤੋਂ 100 ਤੋਂ ਵੱਧ ਪਬਲਿਸ਼ਰ ਪੁਸਤਕਾਂ ਦਾ ਖ਼ਜ਼ਾਨਾ ਲੈ ਕੇ ਪੁੱਜੇ ਹੋਏ ਹਨ। ਮੇਲੇ ਵਿਚ ਸੱਭਿਆਚਾਰ, ਸਾਹਿਤ ਸਮੇਤ ਵੱਖ-ਵੱਖ ਧਰਮਾਂ ਨਾਲ ਸਬੰਧਤ ਪੁਸਤਕਾਂ ਦੀਆਂ ਸਟਾਲਾਂ ਵੀ ਪਾਠਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮੇਲੇ ਵਿਚ ਅਹਿਮਦੀਆ ਜਮਾਤ, ਰਾਧਾ ਸੁਆਮੀ, ਐੱਸਜੀਪੀਸੀ ਵੱਲੋਂ ਵੀ ਪੁਸਤਕਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ। ਵਿਦਿਆਰਥੀ ਵਰਗ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਦੀ ਖਰੀਦਦਾਰੀ ਵਿਚ ਦਿਲਚਸਪੀ ਦਿਖਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਲਾਵਾ ਡਾ. ਗੰਡਾ ਸਿੰਘ ਤੇ ਡਾ. ਨਾਹਰ ਸਿੰਘ ਦੀਆਂ ਪੁਸਤਕਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੋ ਦਿਨ ਵਿਚ ਪੁਸਤਕ ‘ਚੰਗਾ ਸੀ ਤੈਨੂੰ ਦਿਲ ਨਾ ਦੇਂਦੇ’ ਦੀ 600 ਕਾਪੀ ਦੀ ਵਿਕਰੀ ਹੋਈ ਹੈ ਜਦੋਂਕਿ ਅਜਮੇਰ ਸਿੰਘ ਦੀ ਪੁਸਤਕ ‘ਖਾੜਕੂ ਲਹਿਰ ਦੇ ਅੰਗ ਸੰਗ’ ਦੀਆਂ ਇਕ ਦਿਨ ਵਿਚ 300 ਕਾਪੀਆਂ ਵਿਕੀਆਂ ਹਨ। ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੀਆਂ ਪੁਸਤਕਾਂ 50 ਫੀਸਦ ਡਿਸਕਾਊਂਟ ’ਤੇ ਵੇਚੀਆਂ ਜਾ ਰਹੀਆਂ ਹਨ। ‘ਗਿਆਨ ਦਿੱਤ ਸਿੰਘ ਰਚਨਾਵਲੀ’, ‘ਜਨਸਾਖੀ ਪਰੰਪਰਾ’, ‘ਭਾਈਵੀਰ ਸਿੰਘ ਦੇ ਅਪ੍ਰਕਾਸ਼ਿਤ ਪੱਤਰ’ ਸਮੇਤ ਹੋਰ ਪੁਸਤਕਾਂ ਪਾਠਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ।
ਪੁਸਤਕਾਂ ਪ੍ਰਤੀ ਭਾਰੀ ਉਤਸ਼ਾਹ : ਬਾਜਵਾ
ਪਬਲੀਕੇਸ਼ਨ ਬਿਊਰੋ ਮੁਖੀ ਪਰਮਜੀਤ ਕੌਰ ਬਾਜਵਾ ਦੱਸਦੇ ਹਨ ਕਿ ਮੇਲੇ ਦੇ ਪਹਿਲੇ ਦਿਨ ਤੋਂ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੁਸਤਕ ਪੇ੍ਰਮੀਆਂ ਦੀ ਗਿਣਤੀ ਤੇ ਰੌਣਕ ਆਏ ਦਿਨ ਵਧ ਰਹੀ ਹੈ। ਹਰ ਉਮਰ ਵਰਗ ਦੇ ਪੁਸਤਕ ਪੇ੍ਰਮੀ ਇਸ ਮੇਲੇ ਦਾ ਹਿੱਸਾ ਬਣ ਰਹੇ ਹਨ ਤੇ ਪੁਸਤਕਾਂ ਵੱਲ ਰੁਝਾਨ ਦਾ ਵਧਣਾ ਚੰਗਾ ਸੰਕੇਤ ਹੈ।
ਡਾ. ਉਭਾ ਨੇ ਦੋ ਦਿਨਾਂ ’ਚ ਖ਼ਰੀਦੀਆਂ 50 ਤੋਂ ਵੱਧ ਪੁਸਤਕਾਂ
ਖਾਲਸਾ ਕਾਲਜ ਦੇ ਪਿ੍ਰੰਸੀਪਲ ਤੇ ਪੁਸਤਕ ਪੇ੍ਰਮੀ ਡਾ. ਧਰਮਿੰਦਰ ਸਿੰਘ ਉੱਭਾ ਨੇ ਯੂਨੀਵਰਸਿਟੀ ਦੇ ਪੁਸਤਕ ਮੇਲੇ ਵਿਚ 50 ਤੋਂ ਵੱਧ ਪੁਸਤਕਾਂ ਖਰੀਦੀਆਂ ਹਨ। ਡਾ. ਉੱਭਾ ਦੱਸਦੇ ਹਨ ਕਿ ਪੁਸਤਕਾਂ ਹੀ ਸਾਡਾ ਸੱਚਾ ਸਾਥੀ ਹਨ ਤੇ ਇਹ ਸਾਥ ਬਚਪਨ ਤੋਂ ਬਣਿਆ ਹੋਇਆ ਹੈ। ਪੁਸਤਕ ਮੇਲੇ ਵਿਚ ਦੋ ਦਿਨ ਦੌਰਾਨ 50 ਤੋਂ ਵੱਧ ਪੁਸਤਕਾਂ ਖਰੀਦੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਪੁਸਤਕਾਂ ਅਧਿਆਤਮਕ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 14 ਪੁਸਤਕਾਂ ਬਾਲ ਕਹਾਣੀਆਂ ਦੀਆਂ ਹਨ ਜੋ ਕਿ ਚਾਰ ਸਾਲ ਦੀ ਪੋਤਰੀ ਇਲਾਹੀ ਕੌਰ ਉੱਭਾ ਲਈ ਹਨ।