ਸ਼ੰਭੂ ਬੈਰੀਅਰ ਜਿੱਥੇ ਰੋਜ਼ਾਨਾ ਸੈਂਕੜੇ ਕਿਸਾਨਾਂ ਦਾ ਇਕੱਠ ਹੁੰਦਾ ਸੀ ਵਿਖੇ ਸ਼ਾਂਤੀ ਪਰੀ ਹੋਈ ਸੀ ਅਤੇ ਹਰ ਪਾਸੇ ਪੁਲਿਸ ਦੇ ਜਵਾਨ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਸਨ। ਇਸ ਤੋਂ ਇਲਾਵਾ ਸ਼ੰਭੂ ਬੈਰੀਅਰ ਨੇੜਲੇ ਪਿੰਡਾਂ ਦੇ ਲੋਕ ਪਿਛਲੇ ਕਰੀਬ 400 ਦਿਨਾਂ ਤੋਂ ਬੰਦ ਪਏ ਨੈਸ਼ਨਲ ਹਾਈਵੇ ਨੂੰ ਖੋਲਣ ਦੇ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਦੇਖਣ ਦੇ ਲਈ ਪੁੱਜੇ ਹੋਏ ਸਨ।

ਰਾਜਪੁਰਾ, ਐਚ.ਐੱਸ.ਸੈਣੀ- ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐਮਐਸਪੀ ਦੀ ਲੀਗਲ ਗਰੰਟੀ ਅਤੇ ਹੋਰ ਕਿਸਾਨੀ ਮੰਗਾਂ ਦੇ ਸਬੰਧ ਦੇ ਵਿੱਚ ਪਿਛਲੇ 400 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਕਿਸਾਨ ਮੋਰਚੇ ਨੂੰ ਵਿੱਤੀ ਕੱਲ੍ਹ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਨਾਲ ਮੰਗਾਂ ਦੇ ਸੰਬੰਧ ਵਿੱਚ ਹੋਈ ਸੱਤਵੇਂ ਗੇੜ ਦੀ ਮੀਟਿੰਗ ਤੋਂ ਬਾਅਦ ਮੀਟਿੰਗ ਵਿੱਚ ਹਾਜ਼ਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਲੈ ਕੇ ਸ਼ੰਭੂ ਬਾਰਡਰ ਉੱਤੇ ਕਿਸਾਨੀ ਮੋਰਚਾ ਚੁੱਕਣ ਦੀ ਕਾਰਵਾਈ ਬੁੱਧਵਾਰ ਦੇਰ ਸ਼ਾਮ ਤੋਂ ਲੈ ਕੇ ਵੀਰਵਾਰ ਤੱਕ ਲਗਾਤਾਰ ਜਾਰੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਤੋਂ ਬਾਅਦ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਭਾਰੀ ਪੁਲਿਸ ਫੋਰਸ, ਜੇਸੀਬੀ ਮਸ਼ੀਨਾਂ, ਬੁਛਾੜ ਵਾਲੀਆਂ ਗੱਡੀਆਂ, ਫਾਇਰ ਬਗੇੜ ਅਤੇ ਐਂਬੂਲੈਂਸ ਦੇ ਨਾਲ ਸ਼ੰਭੂ ਬਾਰਡਰ ਉੱਤੇ ਪੁੱਜ ਗਏ। ਜਿਸ ਤੋਂ ਬਾਅਦ ਉਹਨਾਂ ਵੱਲੋਂ ਮੌਕੇ 'ਤੇ ਮੌਜੂਦ ਕਿਸਾਨ ਆਗੂਆਂ ਜਿਨਾਂ ਦੇ ਵਿੱਚ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ ਨੂੰ ਬੱਸਾਂ ਦੇ ਵਿੱਚ ਲੱਦ ਕੇ ਸ਼ੰਭੂ ਬਾਰਡਰ ਤੋਂ ਭੇਜਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਜੇਸੀਬੀ ਮਸ਼ੀਨ ਦੇ ਨਾਲ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀ ਦੀ ਸਟੇਜ ਜਿਸ ਉੱਤੇ ਰੋਜ਼ਾਨਾ ਕਿਸਾਨਾਂ ਆਗੂਆਂ ਵੱਲੋਂ ਆਪਣੇ ਬਿਆਨ ਅਤੇ ਵਿਚਾਰ ਦਿੱਤੇ ਜਾਂਦੇ ਸਨ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਰਹਿਣ ਦੇ ਲਈ ਬਣਾਏ ਗਏ ਆਰਜ਼ੀ ਘਰਾਂ ਤੇ ਟੈਂਟਾਂ ਨੂੰ ਜੇਸੀਬੀ ਮਸ਼ੀਨ ਦੇ ਨਾਲ ਹਟਾਉਣਾ ਲਗਾਤਾਰ ਜਾਰੀ ਰੱਖਿਆ। ਐਸਐਸਪੀ ਡਾਕਟਰ ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਰਾਹ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸ਼ੰਭੂ ਬਾਰਡਰ ਉੱਤੇ ਟੈਂਟਾਂ ਦੇ ਵਿੱਚ ਆਪਣਾ ਕੀਮਤੀ ਸਮਾਨ ਹਟਾਉਣ ਦੇ ਲਈ ਬੁੱਧਵਾਰ ਦੁਪਹਿਰ ਤੋਂ ਹੀ ਕਹਿ ਦਿੱਤਾ ਗਿਆ ਸੀ। ਪਰ ਇਸ ਤੇ ਬਾਵਜੂਦ ਵੀ ਦੇਖਿਆ ਗਿਆ ਕਿ ਜਦੋਂ ਜੇਸੀਬੀ ਮਸ਼ੀਨ ਦੇ ਨਾਲ ਕਿਸਾਨਾਂ ਦੇ ਟੈਂਟਾਂ ਨੂੰ ਹਟਾਇਆ ਜਾ ਰਿਹਾ ਸੀ ਤਾਂ ਟੈਂਟਾਂ ਦੇ ਅੰਦਰ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਦੁਆਰਾ ਆਪਣੇ ਰਹਿਣ ਦੇ ਲਈ ਲਗਾਏ ਗਏ ਪਲੰਘਾਂ, ਮੰਜਿਆ, ਖਾਣ ਪੀਣ ਵਾਲੇ ਪਦਾਰਥਾਂ ਦੀ ਸਾਂਭ ਸੰਭਾਲ ਦੇ ਲਈ ਰੱਖੇ ਹੋਏ ਫਰੀਜਾਂ ਸਮੇਤ ਇਲੈਕਟਰੋਨਿਕਸ ਸਮਾਨ ਨੂੰ ਤਬਾਹ ਹੁੰਦੇ ਸ਼ਰੇਆਮ ਦੇਖਿਆ ਗਿਆ। ਉੱਥੇ ਦੂਜੇ ਪਾਸੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਫਰਵਰੀ 2024 ਦੌਰਾਨ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਜਾਣ ਤੋਂ ਰੋਕਣ ਦੇ ਲਈ ਕੌਮੀ ਸ਼ਾਹ ਮਾਰਗ ਉੱਤੇ ਸੱਤ ਤਰ੍ਹਾਂ ਦੀ ਬੈਰੀਕੇਟਿੰਗ ਕੀਤੀ ਹੋਈ ਸੀ ਨੂੰ ਦੇਰ ਰਾਤ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਡੋਜ਼ਰਾਂ ਅਤੇ ਜੇਸੀਬੀ ਮਸ਼ੀਨ ਦੇ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ। ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਰੀਕੇਟਿੰਗ ਹਟਾਉਣ ਦੀ ਪ੍ਰਕਿਰਿਆ ਅੱਜ ਸਾਰਾ ਦਿਨ ਜਾਰੀ ਰਹੇਗੀ ਕਿਉਂਕਿ ਸੜਕ ਉੱਤੇ ਕੰਕਰੀਟ ਅਤੇ ਸੀਮੈਂਟ ਦੇ ਪਿੱਲਰਾਂ ਨੂੰ ਹਟਾਉਣ ਦੇ ਲਈ ਕਾਫੀ ਸਮਾਂ ਲੱਗ ਸਕਦਾ ਹੈ। ਪਰ ਅੱਜ ਵੀਰਵਾਰ ਦੀ ਸ਼ਾਮ ਤੱਕ ਹਰਿਆਣਾ ਤੇ ਪੰਜਾਬ ਨੂੰ ਆਪਸ ਵਿੱਚ ਜੋੜਦਾ ਇੱਕ ਰਸਤਾ ਬਿਲਕੁਲ ਕਲੀਅਰ ਕਰ ਦਿੱਤਾ ਜਾਵੇਗਾ। ਸ਼ੰਭੂ ਬੈਰੀਅਰ ਜਿੱਥੇ ਰੋਜ਼ਾਨਾ ਸੈਂਕੜੇ ਕਿਸਾਨਾਂ ਦਾ ਇਕੱਠ ਹੁੰਦਾ ਸੀ ਵਿਖੇ ਸ਼ਾਂਤੀ ਪਰੀ ਹੋਈ ਸੀ ਅਤੇ ਹਰ ਪਾਸੇ ਪੁਲਿਸ ਦੇ ਜਵਾਨ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਸਨ। ਇਸ ਤੋਂ ਇਲਾਵਾ ਸ਼ੰਭੂ ਬੈਰੀਅਰ ਨੇੜਲੇ ਪਿੰਡਾਂ ਦੇ ਲੋਕ ਪਿਛਲੇ ਕਰੀਬ 400 ਦਿਨਾਂ ਤੋਂ ਬੰਦ ਪਏ ਨੈਸ਼ਨਲ ਹਾਈਵੇ ਨੂੰ ਖੋਲਣ ਦੇ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਦੇਖਣ ਦੇ ਲਈ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਸੜਕ ਕਿਨਾਰੇ ਟੈਂਟ ਹਟਾਏ ਜਾਣ ਤੋਂ ਬਾਅਦ ਕਿਸਾਨਾਂ ਦਾ ਸਾਮਾਨ ਖਿਲ ਰਿਹਾ ਆਮ ਦਿਖਾਈ ਦੇ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਉੱਤੇ ਬਣੀਆਂ ਰੋਕਾਂ ਨੂੰ ਹਟਾਏ ਜਾਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਸੀ