ਇਥੋਂ ਲੰਘਦੀ ਹਾਂਸੀ-ਬੁਟਾਣਾ ਨਹਿਰ ਦੇ ਸਾਈਫਨਾਂ ਕਾਰਨ ਲੱਗਦੀ ਡਾਫ ਸਦਕਾ ਪਾਣੀ ਦੀ ਨਿਕਾਸੀ ਘੱਟ ਗਈ ਹੈ, ਜਿਸ ਕਾਰਨ ਇਸ ਇਲਾਕੇ ’ਚ ਲੰਘਦੀ ਮੀਰਾਂਪੁਰ ਚੋਅ (ਜੋ ਕਿ ਘੱਗਰ ਦਰਿਆ ’ਚ ਮਿਲਦਾ ਹੈ) ਦੇ ਪਾਣੀ ਨੇ ਵਾਪਸੀ ਮਾਰ ਦਿੱਤੀ ਹੈ ਤੇ ਪਾਣੀ ਨੇੜਲੇ ਇਲਾਕੇ ’ਚ ਦੂਰ-ਦੂਰ ਤੱਕ ਫੈਲ ਗਿਆ ਹੈ ਤੇ ਦਰਜਨ ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ, ਜਿਨ੍ਹਾਂ ’ਚ ਕੁਝ ਨਾਲ ਲੱਗਦੇ ਹਰਿਆਣਾ ਦੇ ਪਿੰਡ ਵੀ ਸ਼ਾਮਲ ਹਨ।
ਪ੍ਰਗਟ ਸਿੰਘ•, ਪੰਜਾਬੀ ਜਾਗਰਣ• ਪਟਿਆਲਾ : ਪਹਾੜੀ ਖੇਤਰਾਂ ਤੋਂ ਸੁਰੂ ਹੋਏ ਘੱਗਰ ਦਰਿਆ ਨੇ ਜ਼ਿਲ੍ਹੇ ਦੇ ਰਾਜਪੁਰਾ, ਘਨੌਰ, ਸਨੌਰ ਤੇ ਦੇਵੀਗੜ੍ਹ ਇਲਾਕਿਆਂ ’ਚ ਵੱਡਾ ਨੁਕਸਾਨ ਕਰਨ ਤੋਂ ਬਾਅਦ ਹੁਣ ਹਲਕਾ ਸਮਾਣਾ ਦੇ ਸਰਕਲ ਰਾਮਨਗਰ ਦੇ ਕਈ ਪਿੰਡਾਂ ’ਚ ਘੱਗਰ ਦੇ ਪਾਣੀ ਨੇ ਆਪਣੀ ਲਪੇਟ ’ਚ ਲੈ ਗਿਆ ਹੈ। ਇਥੋਂ ਲੰਘਦੀ ਹਾਂਸੀ-ਬੁਟਾਣਾ ਨਹਿਰ ਦੇ ਸਾਈਫਨਾਂ ਕਾਰਨ ਲੱਗਦੀ ਡਾਫ ਸਦਕਾ ਪਾਣੀ ਦੀ ਨਿਕਾਸੀ ਘੱਟ ਗਈ ਹੈ, ਜਿਸ ਕਾਰਨ ਇਸ ਇਲਾਕੇ ’ਚ ਲੰਘਦੀ ਮੀਰਾਂਪੁਰ ਚੋਅ (ਜੋ ਕਿ ਘੱਗਰ ਦਰਿਆ ’ਚ ਮਿਲਦਾ ਹੈ) ਦੇ ਪਾਣੀ ਨੇ ਵਾਪਸੀ ਮਾਰ ਦਿੱਤੀ ਹੈ ਤੇ ਪਾਣੀ ਨੇੜਲੇ ਇਲਾਕੇ ’ਚ ਦੂਰ-ਦੂਰ ਤੱਕ ਫੈਲ ਗਿਆ ਹੈ ਤੇ ਦਰਜਨ ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ, ਜਿਨ੍ਹਾਂ ’ਚ ਕੁਝ ਨਾਲ ਲੱਗਦੇ ਹਰਿਆਣਾ ਦੇ ਪਿੰਡ ਵੀ ਸ਼ਾਮਲ ਹਨ। ਘੱਗਰ ਦਰਿਆ ਇਥੋਂ ਨੱਕੋ-ਨੱਕ ਭਰ ਕੇ ਚੱਲ ਰਿਹਾ ਹੈ ਤੇ ਪਟਿਆਲਾ-ਚੀਕਾ-ਸਟੇਟ ਹਾਈਵੇ ’ਤੇ ਬਣੇ ਪੁੱਲ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ। ਘੱਗਰ ਦੀ ਡਾਫ ਕਾਰਨ ਮੀਰਾਂਪੁਰ ਚੋਅ ਦਾ ਪਾਣੀ ਵੱਡਾ ਨੁਕਸਾਨ ਕਰਨ ਦਾ ਖਦਸ਼ਾ ਬਣ ਗਿਆ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਇਸ ਇਲਾਕੇ ਤੋਂ ਕੁਝ ਮੀਲ ਪਹਿਲਾਂ ਟਾਂਗਰੀ ਨਦੀ ਤੇ ਮਾਕਰੰਡਾ ਦਰਿਆ ਵੀ ਘੱਗਰ ਦਰਿਆ ’ਚ ਆ ਕੇ ਮਿਲ ਜਾਂਦੇ ਹਨ, ਜਿਸ ਕਾਰਨ ਪਾਣੀ ਦਾ ਰੂਪ ਹੋਰ ਵੀ ਭਿਆਨਕ ਹੋ ਜਾਂਦਾ ਹੈ ਉਥੇ ਹੀ ਹਰਿਆਣਾ ਸਰਕਾਰ ਵੱਲੋਂ ਭਾਖੜਾ ਵਿਚੋਂ ਪਾਣੀ ਲੈਣ ਲਈ ਇਥੋਂ ਕੱਢੀ ਹਾਂਸੀ-ਬੁਟਾਣਾ ਨਹਿਰ ਦੇ ਪੁੱਲ ਦੇ ਸਾਈਫਨਾਂ ਦੇ ਅੜਿੱਕੇ ਕਾਰਨ ਵੱਡੀ ਮਾਤਰਾ ’ਚ ਗੁਜਰਦਾ ਪਾਣੀ ਲੰਘਣ ਦਾ ਰਸਤਾ ਤੰਗ ਹੋਣ ਕਾਰਨ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ’ਚ ਤਬਾਹੀ ਮਚਾਉਂਦਾ ਹੈ। ਇਸ ਇਲਾਕੇ ਦੇ ਲੋਕਾਂ ਦਾ ਦੱਸਣਾ ਹੈ ਕਿ ਜੋ ਪਾਣੀ ਪਹਿਲਾਂ ਕਈ ਏਕੜਾਂ ਵਿਚੋਂ ਦੀ ਹੋ ਕੇ ਗੁਜਰ ਜਾਂਦਾ ਸੀ ਪਰ ਨਹਿਰ ਦਾ ਪੁੱਲ ਕੁਝ ਕੁ ਮੀਟਰ ਦਾ ਹੋਣ ਕਾਰਨ ਇਸਦੀ ਆਡ ਕਾਰਨ ਪਾਣੀ ਦੀ ਡਾਫ ਲੱਗ ਜਾਂਦੀ ਹੈ ਤੇ ਪਾਣੀ ਰੁਕਣ ਕਾਰਨ ਨਿਕਾਸ਼ੀ ਘੱਟ ਜਾਂਦੀ ਹੈ, ਜਿਸ ਕਾਰਨ ਵੱਡੇ ਪੱਧਰ ’ਤੇ ਨੁਕਸ਼ਾਨ ਹੁੰਦਾ ਹੈ।
ਜਾਣਕਾਰੀ ਦਿੰਦਿਆਂ ਪਿੰਡ ਧਰਮਹੇੜੀ ਦੇ ਸਾਬਕਾ ਸਰਪੰਚ ਹਰਚਰਨ ਸਿੰਘ, ਕੁਲਦੀਪ ਸਿੰਘ ਚੱਠਾ, ਧਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਬੁੱਧ ਰਾਮ ਸੱਸੀ, ਹਰਭਜਨ ਸਿੰਘ ਖੰਬੇੜਾ, ਹਰਦੀਪ ਸਿੰਘ, ਨਿਸ਼ਾਨ ਸਿੰਘ, ਹਰਭਜਨ ਸਿੰਘ ਚੱਠਾ ਆਦਿ ਸਮੇਤ ਹੋਰਨਾਂ ਨੇ ਦੱਸਿਆ ਕਿ ਇਸ ਇਲਾਕੇ ’ਚ ਬਰਸਾਤੀ ਮੌਸਮ ਦੌਰਾਨ ਹਰ ਸਾਲ ਪਾਣੀ ਦੀ ਮਾਰ ਹੁੰਦੀ ਹੈ ਪਰ ਇਸ ਦਾ ਕੋਈ ਪੱਕਾ ਹੱਲ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਇਲਾਕੇ ਵਾਸੀਆਂ ਦੀ ਮੰਗ ਹੈ ਕਿ ਇਸ ਨਹਿਰ ਨੂੰ ਜਾਂ ਤਾਂ ਘੱਗਰ ਦੇ ਹੇਠਾਂ ਅੰਡਰ ਗਰਾਊਂਡ ਕੀਤਾ ਜਾਵੇ ਜਾਂ ਫਿਰ ਸਾਈਫਨਾਂ ਦੀ ਗਿਣਤੀ ਵਧਾਈ ਜਾਵੇ। ਹਾਂਸੀ ਬੁਟਾਣਾ ਨਹਿਰ ਸਬੰਧੀ ਇਲਾਕੇ ਦੇ ਲੋਕਾਂ ’ਚ ਰੋਸ਼ ਜਾਗਣ ਲੱਗ ਪਿਆ ਹੈ ਤੇ ਲੋਕ ਇਸਨੂੰ ਢਾਹੁਣ ਦੀ ਮੰਗ ਉਠਣ ਲੱਗੀ ਹੈ।
ਲੀਡਰਾਂ ਦੇ ਵਿੰਗ ਨਿਕਲ ਗਏ ਪਰ ਘੱਗਰ ਦੇ ਨਹੀਂ
ਇਸ ਮੌਕੇ ਹੱਡੀ ਬੀਤੀ ਦੱਸਦਿਆਂ ਪਿੰਡ ਧਰਮਹੇੜੀ ਦੇ ਕਿਸਾਨ ਜੋਗਾ ਸਿੰਘ ਚੱਠਾ ਨੇ ਆਖਿਆ ਕਿ ਉਹ ਜਦੋਂ ਦੇ ਪਾਕਿਸਤਾਨ ਤੋਂ ਆ ਕੇ ਇਥੇ ਵਸੇ ਹਨ ਓਦੋਂ ਦੇ ਹੀ ਘੱਗਰ ਦੀ ਕਰੋਪੀ ਝੱਲ ਰਹੇ ਹਨ ਤੇ ਵੋਟਾਂ ਵੇਲੇ ਇਥੇ ਆਉਂਦੇ ਲੀਡਰ ਘੱਗਰ ’ਤੇ ਸਿਆਸਤ ਕਰ ਕੇ ਆਮ ਲੋਕਾਂ ਨੂੰ ਮੂਰਖ ਬਣਾ ਕੇ ਚਲੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਘੱਗਰ ਦੇ ਬੰਨ੍ਹ ਨੂੰ ਮਜਬੂਤ ਕਰਨ ਦੇ ਨਾਲ ਨਾਲ ਇਸ ਨੂੰ ਸਿੱਧਾ ਕਰਨ ਦੇ ਸਿਰ ’ਤੇ ਸਿਆਸਤ ਕਰ ਕੇ ਕਈ ਲੀਡਰ ਜਿੱਤ ਦੀਆਂ ਪੌੜੀਆ ਚੜ੍ਹ ਕੇ ਆਪਣੇ ਵਿੰਗ-ਵਲ ਕੱਢ ਗਏ ਪਰ ਘੱਗਰ ਦੇ ਵਿੰਗ-ਵਲ ਉਥੇ ਦੇ ਉਥੇ ਹੀ ਹਨ। ਉਨ੍ਹਾਂ ਆਖਿਆ ਕਿ ਲੀਡਰ ਸਿਰਫ ਪਾਣੀ ਵੇਲੇ ਫੋਟੋਆਂ ਖਿਚਵਾਉਣ ਲਈ ਹੀ ਆਉਂਦੇ ਹਨ।