ਸੂਬੇ ’ਚ ਇਸ ਮਿਆਦ ਦੌਰਾਨ ਸਾਲ 2021 ’ਚ 228, ਸਾਲ 2022 ’ਚ 192 ਮਾਮਲੇ ਸਾਹਮਣੇ ਆਏ, ਜਦਕਿ ਇਸ ਸਾਲ ਹੁਣ ਤੱਕ 337 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੋਂ ਲਏ ਅੰਕੜਿਆਂ ਮੁਤਾਬਕ ਇਸ ਸਾਲ ਪਰਾਲੀ ਸਾੜਨ ’ਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਜ਼ਿਲ੍ਹੇ ’ਚ 86 ਮਾਮਲੇ ਸਾਹਮਣੇ ਆਏ ਹਨ।

ਗੌਰਵ ਸੂਦ, ਪਟਿਆਲਾ: ਸੂਬੇ ’ਚ ਝੋਨੇ ਦੀ ਵਾਢੀ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਹਿਲੀ ਅਕਤੂਬਰ ਤੱਕ ਪਰਾਲੀ ਸਾੜਨ ਦਾ ਅੰਕੜਾ ਵਧਿਆ ਹੈ। ਸੂਬੇ ’ਚ ਇਸ ਮਿਆਦ ਦੌਰਾਨ ਸਾਲ 2021 ’ਚ 228, ਸਾਲ 2022 ’ਚ 192 ਮਾਮਲੇ ਸਾਹਮਣੇ ਆਏ, ਜਦਕਿ ਇਸ ਸਾਲ ਹੁਣ ਤੱਕ 337 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੋਂ ਲਏ ਅੰਕੜਿਆਂ ਮੁਤਾਬਕ ਇਸ ਸਾਲ ਪਰਾਲੀ ਸਾੜਨ ’ਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਜ਼ਿਲ੍ਹੇ ’ਚ 86 ਮਾਮਲੇ ਸਾਹਮਣੇ ਆਏ ਹਨ।
ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਫਰਦ ’ਚ ਰੈੱਡ ਐਂਟਰੀ ਤੱਕ ਦੀ ਮੱਦ ਹੈ, ਪਰ ਇਹ ਸਿਰਫ਼ ਕਾਗਜ਼ੀ ਹੀ ਸਾਬਿਤ ਹੋ ਰਹੀ ਹੈ। ਪਰਾਲੀ ਸਾੜਨ ਬਾਰੇ ਅਜੇ ਤੱਕ ਤਰਨਤਾਰਨ ’ਚ ਹੀ ਸਿਰਫ਼ ਦੋ ਕੇਸ ਦਰਜ ਹੋਏ ਹਨ। ਇਸ ਸਾਲ ਇਹੋ ਜਿਹੀਆਂ ਘਟਨਾਵਾਂ ਰੋਕਣ ਲਈ ਸਰਕਾਰ ਨੇ 10 ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਸੂਬੇ ਦੀਆਂ 12 ਸਨਅਤੀ ਇਕਾਈਆਂ ਨੇ ਇਸ ਦਾ ੲੀਂਧਨ ਦੇ ਤੌਰ ’ਤੇ ਇਸਤੇਮਾਲ ਵੀ ਸ਼ੁਰੂ ਕਰ ਦਿੱਤਾ ਹੈ, ਜੋ ਕਿ ਕਰੀਬ ਛੇ ਲੱਖ ਟਨ ਪਰਾਲੀ ਦਾ ਇਸਤੇਮਾਲ ਕਰ ਰਹੀਆਂ ਹਨ। ਇਸ ਸਬੰਧੀ ਪਰਾਲੀ ਪ੍ਰਬੰਧਨ ਲਈ ਪੀਪੀਸੀਬੀ ਨੇ ਇੰਡਸਟਰੀਜ਼ ਨੂੰ ਪਰਾਲੀ ਨੂੰ ੲੀਂਧਨ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਸਬਸਿਡੀ ਦੇ ਰੂਪ ’ਚ ਮਦਦ ਵੀ ਦਿੱਤੀ ਹੈ। ਇਸ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ।
ਇਸ ਸਬੰਧੀ ਪੀਪੀਸੀਬੀ ਚੇਅਰਮੈਨ ਡਾ. ਆਦਰਸ਼ਪਾਲ ਵਿਗ ਦਾ ਕਹਿਣਾ ਹੈ ਕਿ ਪਾਰਲੀ ਨੂੰ ਵਸੀਲੇ ਦੇ ਤੌਰ ’ਤੇ ਸਥਾਪਿਤ ਕਰਨ ਦੀ ਦਿਸ਼ਾ ’ਚ ਯਤਨ ਜਾਰੀ ਹਨ। ਇੰਡਸਟਰੀਜ਼ ਨੂੰ ੲੀਂਧਨ ਦੇ ਤੌਰ ’ਤੇ ਪਰਾਲੀ ਇਸਤੇਮਾਲ ਕਰਨ ਲਈ ਪਹਿਲ ਕੀਤੀ ਗਈ ਹੈ। ਅਗਲੇ ਦਿਨਾਂ ’ਚ ਇਸ ਦੀ ਸਮਰੱਥਾ ਵੀ ਵਧੇਗੀ ਜਿਸ ਨਾਲ ਵੱਡੇ ਪੱਧਰ ’ਤੇ ਪਰਾਲੀ ਦਾ ਪ੍ਰਬੰਧਨ ਹੋਵੇਗਾ। ਕਿਸਾਨ ਪਰਾਲੀ ਨਾ ਸਾੜਨ ਇਸ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਪੰਜਾਬ ’ਚ ਸਾਲ ਦਰ ਸਾਲ ਪਰਾਲੀ ਸਾੜਨ ਦੇ ਮਾਮਲੇ
ਸਾਲ ਕੁਲ ਮਾਮਲੇ
2016 81,042
2017 45,384
2018 50,590
2019 55,210
2020 76,590
2021 71,304
2022 49,922
2023 337 (ਪਹਿਲੀ ਅਕਤੂਬਰ ਤੱਕ)
ਸਰੋਤ : ਪੀਪੀਸੀਬੀ