ਨੌਜਵਾਨਾਂ ਨੂੰ ਇਤਿਹਾਸ ਪ੍ਰਤੀ ਜਾਗਰੂਕ ਹੋਣ ਦੀ ਲੋੜ : ਝਿੰਜਰ
ਪਟਿਆਲਾ ਦੇ ਕਾਲਜਾਂ ਵਿੱਚ ਵਿਦਿਆਰਥੀ ਮਿਲਣੀਆਂ, ਨਵੇਂ ਪੈਨਲ ਬਣਾਉਣ ’ਤੇ ਵਿਚਾਰ-ਵਟਾਂਦਰਾ
Publish Date: Tue, 20 Jan 2026 05:07 PM (IST)
Updated Date: Tue, 20 Jan 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੋਈ ਦੇ ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਦੀ ਅਗਵਾਈ ਹੇਠ ਅੱਜ ਪਟਿਆਲਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮਾਯਵਾ ਜ਼ੋਨ ਵਿਚਲੇ ਜ਼ਿਲ੍ਹਿਆਂ ਅਤੇ ਕਾਲਜਾਂ ਵਿੱਚ ਸੋਈ ਦੇ ਨਵੇਂ ਪੈਨਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਅਕਾਲੀ ਦਲ ਦੀ ਪੰਥਕ ਅਤੇ ਪੰਜਾਬ-ਪੱਖੀ ਵਿਚਾਰਧਾਰਾ ਨਾਲ ਜੋੜਨ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੋਈ ਮਾਲਵਾ ਜ਼ੋਨ-3 ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਵਿਦਿਆਰਥੀ ਵਰਗ ਸਮਾਜ ਅਤੇ ਰਾਜਨੀਤੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਸੋਈ ਸਦਾ ਤੋਂ ਹੀ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਪੰਥਕ ਮੁੱਲਾਂ ਅਤੇ ਪੰਜਾਬ ਦੇ ਹਿੱਤਾਂ ਲਈ ਜਾਗਰੂਕ ਹੋਣ ਦੀ ਲੋੜ ਹੈ, ਜਿਸ ਲਈ ਸੋਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰ ਰਹੀ ਹੈ। ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਕਾਲਜ ਪੱਧਰ ’ਤੇ ਨਵੇਂ, ਇਮਾਨਦਾਰ ਤੇ ਜਜ਼ਬੇ ਨਾਲ ਭਰਪੂਰ ਵਿਦਿਆਰਥੀਆਂ ਨੂੰ ਅੱਗੇ ਲਿਆ ਕੇ ਸੋਈ ਦੇ ਪੈਨਲ ਤਿਆਰ ਕੀਤੇ ਜਾਣਗੇ। ਮੀਟਿੰਗਾਂ ਦੌਰਾਨ ਕਈ ਵਿਦਿਆਰਥੀਆਂ ਨੇ ਸੋਈ ਨਾਲ ਜੁੜਨ ਅਤੇ ਆਪਣੇ-ਆਪਣੇ ਕਾਲਜਾਂ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਤਿਆਰੀ ਜਤਾਈ।