ਰਾਤ ਦੇ ਸਮੇਂ ਬਜ਼ੁਰਗਾਂ ਦੇ ਘਰ ਪਹੁੰਚੇ ਪੁਲਿਸ ਮੁਲਾਜ਼ਮ ਨੇ ਬਜ਼ੁਰਗ ਨੂੰ ਜੁੱਤੀ ਮਾਰਨ ਤੇ ਦਾੜ੍ਹੀ ਪੱਟਣ ਤੱਕ ਦੀ ਵੀ ਧਮਕੀ ਦਿੱਤੀ ਹੈ। ਮੁਲਾਜ਼ਮ ਦੀ ਇਸ ਬਦਸਲੂਕੀ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਨ੍ਹਾਂ ਧਮਕੀਆਂ ਤੋਂ ਘਬਰਾਏ ਬਜ਼ੁਰਗ ਗੁਰਦੀਪ ਸਿੰਘ (70), ਨਿਵਾਸੀ ਸੰਤ ਈਦਸ਼ਰ ਸਿੰਘ ਨਗਰ, ਸਨੌਰ ਤੇ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ (60) ਨੇ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਸਨੌਰ ਇਲਾਕੇ ਵਿਚ ਕੁੱਟਮਾਰ ਦੇ ਸ਼ਿਕਾਰ ਹੋਏ ਇਕ ਬਜ਼ੁਰਗ ਜੋੜੇ ਦੀ ਸ਼ਿਕਾਇਤ 'ਤੇ ਸੁਣਵਾਈ ਤਾਂ ਨਹੀਂ ਹੋਈ, ਪਰ ਸ਼ਿਕਾਇਤ ਕਰਨ ਤੋਂ ਬਾਅਦ ਮੌਕੇ 'ਤੇ ਦੇਰ ਰਾਤ ਪਹੁੰਚੇ ਪੁਲਿਸ ਮੁਲਾਜ਼ਮ ਨੇ ਉਲਟਾ ਉਨ੍ਹਾਂ ਨੂੰ ਹੀ ਧਮਕੀਆਂ ਦੇ ਦਿੱਤੀਆਂ। ਰਾਤ ਦੇ ਸਮੇਂ ਬਜ਼ੁਰਗਾਂ ਦੇ ਘਰ ਪਹੁੰਚੇ ਪੁਲਿਸ ਮੁਲਾਜ਼ਮ ਨੇ ਬਜ਼ੁਰਗ ਨੂੰ ਜੁੱਤੀ ਮਾਰਨ ਤੇ ਦਾੜ੍ਹੀ ਪੱਟਣ ਤੱਕ ਦੀ ਵੀ ਧਮਕੀ ਦਿੱਤੀ ਹੈ। ਮੁਲਾਜ਼ਮ ਦੀ ਇਸ ਬਦਸਲੂਕੀ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਹੈ। ਇਨ੍ਹਾਂ ਧਮਕੀਆਂ ਤੋਂ ਘਬਰਾਏ ਬਜ਼ੁਰਗ ਗੁਰਦੀਪ ਸਿੰਘ (70), ਨਿਵਾਸੀ ਸੰਤ ਈਦਸ਼ਰ ਸਿੰਘ ਨਗਰ, ਸਨੌਰ ਤੇ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ (60) ਨੇ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ, ਉਹ ਕਿਸੇ ਅਦਾਲਤ ’ਚ ਸਟੈਨੋ ਦੀ ਨੌਕਰੀ ਕਰਦਾ ਹੈ ਅਤੇ ਆਪਣੀ ਪਹੁੰਚ ਦਾ ਫਾਇਦਾ ਉਠਾ ਕੇ ਉਨ੍ਹਾਂ 'ਤੇ ਦਬਾਅ ਬਣਾ ਰਿਹਾ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਤਕਰੀਬਨ ਅੱਠ ਦਿਨ ਪਹਿਲਾਂ ਸਵੇਰੇ ਸੱਤ ਵਜੇ ਉਹ ਬਾਈਕ 'ਤੇ ਜਾ ਰਹੇ ਸਨ। ਇਸ ਦੌਰਾਨ ਗੁਆਂਢ ’ਚ ਰਹਿਣ ਵਾਲੇ ਮਹਿੰਦਰ ਸਿੰਘ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਬਚਾਅ ਕਰਨ ਆਈ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਨੂੰ ਵੀ ਪਿੱਟਿਆ। ਦਰਸ਼ਨ ਕੌਰ ਦੇ ਸਿਰ 'ਤੇ ਡੂੰਘਾ ਕੱਟ ਲੱਗਿਆ, ਜਿਸ ਦੇ ਬਾਵਜੂਦ ਮਹਿੰਦਰ ਸਿੰਘ ਅਤੇ ਉਸ ਦਾ ਪਰਿਵਾਰ ਕੁੱਟਮਾਰ ਕਰਦਾ ਰਿਹਾ। ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਗਿਆ ਹੋਇਆ ਸੀ ਅਤੇ ਦੋਵੇਂ ਬੇਟੀਆਂ ਹਸਪਤਾਲ ਵਿੱਚ ਮਾਰਨਿੰਗ ਸ਼ਿਫਟ ਦੀ ਡਿਊਟੀ ਕਾਰਨ ਛੇ ਵਜੇ ਘਰੋਂ ਚਲੀਆਂ ਗਈਆਂ ਸਨ। ਅੱਠ ਵਜੇ ਉਨ੍ਹਾਂ ਨੂੰ ਫੋਨ ਕਰਕੇ ਘਰ ਬੁਲਾਇਆ ਅਤੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੱਤੀ। ਥਾਣੇ ਵਿੱਚ ਰੰਜਿਸ਼ ਰੱਖਣ ਵਾਲੇ ਇੱਕ ਹੋਰ ਗੁਆਂਢੀ ਨੇ ਫਿਰ ਤੋਂ ਮਹਿੰਦਰ ਸਿੰਘ ਦੇ ਪਰਿਵਾਰ ਨੂੰ ਉਕਸਾਉਂਦੇ ਹੋਏ ਗਾਲੀ-ਗਲੋਚ ਕੀਤੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਵੀ ਉਨ੍ਹਾਂ ਦੀ ਬੇਟੀ ਨਾਲ ਬਦਤਮੀਜ਼ੀ ਕੀਤੀ। ਗੁਰਦੀਪ ਸਿੰਘ ਨੇ ਕਿਹਾ ਕਿ ਕੁੱਟਮਾਰ ਕਰਨ ਵਾਲੇ ਦੂਜੀ ਧਿਰ ਦੇ ਲੋਕ ਰਸੂਖਦਾਰ ਹਨ, ਜਿਸ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਹੀ ਦਾੜ੍ਹੀ ਨੋਚਣ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਉਹ ਐੱਸਐੱਸਪੀ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।
-ਗਲਤ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ : ਐੱਸਐੱਚਓ
ਥਾਣਾ ਸਨੌਰ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਗੁਆਂਢੀਆਂ ਦਾ ਆਪਸੀ ਝਗੜਾ ਹੈ। ਦੋਵਾਂ ਖਿਲਾਫ਼ ਕਰਾਸ ਕੇਸ ਦਰਜ ਕਰ ਰਹੇ ਹਾਂ। ਜੇਕਰ ਪੁਲਿਸ ਮੁਲਾਜ਼ਮ ਨੇ ਦਾੜ੍ਹੀ ਪੱਟਣ ਵਰਗੀ ਗੱਲ ਕਹੀ ਹੈ, ਤਾਂ ਇਹ ਗਲਤ ਵਿਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਾਂਚ ਕੀਤੀ ਜਾਵੇਗੀ।