ਪਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਪਰ ਹੁਣ ਤੱਕ ਉਨ੍ਹਾਂ ਨੂੰ ਰਸਮੀ ‘ਵੈਲਕਮ’ ਅਤੇ ‘ਥੈਂਕ ਯੂ’ ਸੰਦੇਸ਼ਾਂ ਤੋਂ ਇਲਾਵਾ ਕੋਈ ਠੋਸ ਸਹਾਇਤਾ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਿਸੇ ਅਧਿਕਾਰੀ ਨੇ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਇਕ ਪਾਸੇ ਇਰਾਨ–ਅਮਰੀਕਾ–ਇਜ਼ਰਾਈਲ ਵਿਚਾਲੇ ਵਧਦੇ ਫੌਜੀ ਤਣਾਅ ਨੇ ਖਾੜੀ ਦੇਸ਼ਾਂ ਦੀਆਂ ਉਡਾਣਾਂ ’ਤੇ ਅਸਰ ਪਾਇਆ ਹੈ, ਉੱਥੇ ਹੀ ਇਸ ਉਥਲ-ਪੁਥਲ ਦੇ ਵਿਚਕਾਰ ਛੁੱਟੀਆਂ ਮਨਾਉਣ ਦੁਬਈ ਗਏ ਪਟਿਆਲਾ ਦੇ ਤਿੰਨ ਪਰਿਵਾਰ ਵੱਡੀ ਮੁਸੀਬਤ ’ਚ ਫਸ ਗਏ ਹਨ। ਫਲਾਈਟਾਂ ਰੱਦ ਹੋਣ ਦੇ ਨਾਲ ਆਰਥਿਕ ਤੰਗੀ ਅਤੇ ਜ਼ਰੂਰੀ ਦਵਾਈਆਂ ਦੀ ਘਾਟ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ ਹਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਅਰਬਨ ਸਟੇਟ ਫੇਜ਼ ਦੋ ਦੇ ਰਹਿਣ ਵਾਲੇ ਪਰਵੀਨ ਕੁਮਾਰ ਨੇ ਦੱਸਿਆ ਕਿ ਉਹ 24 ਫਰਵਰੀ ਨੂੰ ਆਪਣੀ ਪਤਨੀ ਨਾਲ ਦੁਬਈ ਗਏ ਸਨ। ਉਨ੍ਹਾਂ ਦੀ ਵਾਪਸੀ ਦੀ ਫਲਾਈਟ 28 ਫਰਵਰੀ ਨੂੰ ਸੀ ਅਤੇ ਉਨ੍ਹਾਂ ਨੇ ਇਕ ਮਾਰਚ ਨੂੰ ਭਾਰਤ ਪਹੁੰਚਣਾ ਸੀ। ਪਰ ਖੇਤਰੀ ਹਮਲਿਆਂ ਅਤੇ ਸੁਰੱਖਿਆ ਹਾਲਾਤਾਂ ਕਾਰਨ ਉਨ੍ਹਾਂ ਦੀ ਫਲਾਈਟ ਅਚਾਨਕ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਤਿੰਨ ਮਾਰਚ ਦੀ ਨਵੀਂ ਫਲਾਈਟ ਬੁੱਕ ਹੋਈ, ਉਹ ਵੀ ਰੱਦ ਹੋ ਗਈ। ਹੁਣ ਪੰਜ ਮਾਰਚ ਦੀ ਦੁਬਈ ਤੋਂ ਅੰਮ੍ਰਿਤਸਰ ਦੀ ਫਲਾਈਟ ਮਿਲੀ ਹੈ ਪਰ ਉਸ ਦੇ ਚੱਲਣ ਬਾਰੇ ਵੀ ਸ਼ੱਕ ਬਣਿਆ ਹੋਇਆ ਹੈ। ਪਰਵੀਨ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਦੁਬਈ ’ਚ ਪਟਿਆਲਾ ਦੇ ਕੁੱਲ ਛੇ ਮੈਂਬਰ ਫਸੇ ਹੋਏ ਹਨ, ਜਿਨਾਂ ਸ਼ਾਮ ਸਿੰਘ, ਵਨੀਤਾ, ਕੁਲਦੀਪ ਕੌਰ, ਬਲਵੀਰ ਸਿੰਘ ਅਤੇ ਰਾਜਵਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਦੇ ਨਾਲ ਦੋ ਬੱਚੇ ਵੀ ਹਨ, ਜਿਨ੍ਹਾਂ ਦਾ ਦੁਬਈ ’ਚ ਟ੍ਰਾਂਜ਼ਿਟ ਸੀ ਅਤੇ ਉਨ੍ਹਾਂ ਨੇ ਵਿਨੀਪੈਗ (ਕੈਨੇਡਾ) ਜਾਣਾ ਸੀ। ਫਲਾਈਟ ਰੱਦ ਹੋਣ ਕਾਰਨ ਉਹ ਵੀ ਉੱਥੇ ਹੀ ਰੁਕੇ ਹੋਏ ਹਨ।
ਆਰਥਿਕ ਸੰਕਟ ਡੂੰਘਾ ਹੋਇਆ, ਹੋਟਲ ਨੇ ਮੰਗੇ ਦਸਤਾਵੇਜ਼
ਪਰਿਵਾਰਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਪੈਸੇ ਦੀ ਹੈ। ਪਰਵੀਨ ਕੁਮਾਰ ਅਨੁਸਾਰ, ਜੋ ਨਕਦੀ ਉਹ ਆਪਣੇ ਨਾਲ ਲੈ ਕੇ ਗਏ ਸਨ, ਉਹ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਹੋਟਲ ਪ੍ਰਬੰਧਕਾਂ ਤੋਂ ਰਾਹਤ ਦੀ ਅਪੀਲ ਕਰਨ ’ਤੇ ਉਨ੍ਹਾਂ ਨੂੰ ਏਅਰਪੋਰਟ ਤੋਂ ਫਲਾਈਟ ਰੱਦ ਹੋਣ ਦਾ ਲਿਖਤੀ ਸਬੂਤ ਲਿਆਉਣ ਲਈ ਕਿਹਾ ਗਿਆ, ਜਦਕਿ ਉਨ੍ਹਾਂ ਕੋਲ ਏਅਰਪੋਰਟ ਤੱਕ ਜਾਣ ਦਾ ਵਾਧੂ ਖਰਚਾ ਕਰਨ ਲਈ ਵੀ ਪੈਸੇ ਨਹੀਂ ਬਚੇ ਹਨ।
ਦਵਾਈਆਂ ਦੀ ਘਾਟ ਕਾਰਨ ਸਿਹਤ ਨੂੰ ਖ਼ਤਰਾ
ਪਰਵੀਨ ਕੁਮਾਰ ਨੇ ਦੱਸਿਆ ਕਿ ਉਹ ਮਿਰਗੀ ਦੇ ਮਰੀਜ਼ ਹਨ ਅਤੇ ਸੀਮਤ ਦਵਾਈਆਂ ਹੀ ਨਾਲ ਲੈ ਕੇ ਗਏ ਸਨ। ਦੁਬਈ ’ਚ ਫਾਰਮੇਸੀ ਤੋਂ ਦਵਾਈ ਲੈਣ ਦੀ ਕੋਸ਼ਿਸ਼ ਕੀਤੀ, ਪਰ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਮਜਬੂਰੀ ’ਚ ਉਨ੍ਹਾਂ ਨੂੰ ਆਪਣੀ ਦਵਾਈ ਦੀ ਖੁਰਾਕ ਅੱਧੀ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ, ਉਨ੍ਹਾਂ ਦੇ ਨਾਲ ਮੌਜੂਦ ਤਿੰਨ ਹੋਰ ਮੈਂਬਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ ਅਤੇ ਉਨ੍ਹਾਂ ਨੂੰ ਵੀ ਦਵਾਈਆਂ ਨਾ ਮਿਲਣ ਕਾਰਨ ਸਿਹਤ ਸਬੰਧੀ ਖਤਰਾ ਵਧ ਗਿਆ ਹੈ।
ਭਾਰਤੀ ਦੂਤਾਵਾਸ ਤੋਂ ਮਦਦ ਦੀ ਗੁਹਾਰ
ਪਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਪਰ ਹੁਣ ਤੱਕ ਉਨ੍ਹਾਂ ਨੂੰ ਰਸਮੀ ‘ਵੈਲਕਮ’ ਅਤੇ ‘ਥੈਂਕ ਯੂ’ ਸੰਦੇਸ਼ਾਂ ਤੋਂ ਇਲਾਵਾ ਕੋਈ ਠੋਸ ਸਹਾਇਤਾ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਿਸੇ ਅਧਿਕਾਰੀ ਨੇ ਨਿੱਜੀ ਤੌਰ ’ਤੇ ਸੰਪਰਕ ਕਰਕੇ ਉਨ੍ਹਾਂ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਭਾਰਤੀ ਦੂਤਾਵਾਸ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ, ਤਾਂ ਜੋ ਉਹ ਸੁਰੱਖਿਅਤ ਅਤੇ ਜਲਦੀ ਆਪਣੇ ਘਰ ਪਰਤ ਸਕਣ। ਜੰਗ ਦੇ ਪਰਛਾਵੇਂ ਹੇਠ ਫਸੇ ਇਨ੍ਹਾਂ ਪਰਿਵਾਰਾਂ ਦੀ ਸਭ ਤੋਂ ਵੱਡੀ ਉਮੀਦ ਹੁਣ ਸਰਕਾਰੀ ਮਦਦ ’ਤੇ ਟਿਕੀ ਹੋਈ ਹੈ।