ਆਮ ਖ਼ਾਸ ਬਾਗ ਵਿਖੇ ਸਖੀ ਸ਼ਕਤੀ ਮੇਲਾ 10 ਤੋ 13 ਫਰਵਰੀ ਤੱਕ
ਆਮ ਖ਼ਾਸ ਬਾਗ ਵਿਖੇ ਸਖੀ ਸ਼ਕਤੀ ਮੇਲਾ 10 ਤੋ 13 ਫਰਵਰੀ ਤੱਕ
Publish Date: Wed, 04 Feb 2026 06:12 PM (IST)
Updated Date: Wed, 04 Feb 2026 06:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਹਿਲਾ ਸਸ਼ਕਤੀਕਰਨ ਤੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਸਖੀ ਸ਼ਕਤੀ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਏਡੀਸੀ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਏਡੀਸੀ ਨੇ ਦੱਸਿਆ ਕਿ ਹੁਣ ਸਖੀ ਸ਼ਕਤੀ ਮੇਲਾ ਆਮ ਖਾਸ ਬਾਗ ਵਿਖੇ 10 ਤੋਂ 13 ਫਰਵਰੀ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਵਿਭਾਗਾਂ, ਸਵੈ ਸਹਾਇਤਾ ਗਰੁੱਪਾਂ ਤੋਂ ਇਲਾਵਾ ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਵੱਲੋਂ 80 ਦੇ ਕਰੀਬ ਸਟਾਲ ਲਗਾਏ ਜਾਣਗੇ, ਜੋ ਮੇਲੇ ਦੀ ਦਿੱਖ ਨੂੰ ਹੋਰ ਖ਼ੂਬਸੂਰਤ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੇਲੇ ਵਾਲੀ ਥਾਂ ¤ਤੇ ਸਾਫ਼-ਸਫਾਈ, ਪੀਣ ਵਾਲੇ ਪਾਣੀ ਅਤੇ ਬਿਜਲੀ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਵਿਭਾਗ ਵੱਲੋਂ ਉਚਿਤ ਪ੍ਰਬੰਧ ਯਕੀਨੀ ਬਣਾਏ ਜਾਣ। ਏਡੀਸੀ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ।