ਘੱਗਰ ਦਰਿਆ ਦਾ ਪਾੜ ਨਾ ਪੂਰਨ ’ਤੇ ਸਰਕਾਰ ਖ਼ਿਲਾਫ਼ ਪ੍ਰਗਟਾਇਆ ਰੋਸ
ਘੱਗਰ ਦਰਿਆ ਦਾ ਪਾੜ ਅਜੇ ਤੱਕ ਨਾ ਭਰਨ ’ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਤਿੱਖਾ ਰੋਸ
Publish Date: Sat, 10 Jan 2026 06:22 PM (IST)
Updated Date: Sat, 10 Jan 2026 06:24 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਹਲਕਾ ਘਨੌਰ ਤੋਂ ਯੂਥ ਅਕਾਲੀ ਦਲ (ਯੂਥ ਵਿੰਗ) ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਘਨੌਰ ਇਲਾਕੇ ਵਿਚ ਵਹਿੰਦੇ ਘੱਗਰ ਦਰਿਆ ਵਿਚ ਹੜ੍ਹਾਂ ਦੌਰਾਨ ਪਏ ਪਾੜਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਦਿਆਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਦਰਿਆ ਦੇ ਪਾੜ ਅਜੇ ਤੱਕ ਨਹੀਂ ਭਰੇ ਗਏ ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਆਈਆਂ ਭਿਆਨਕ ਹੜ੍ਹਾਂ ਕਾਰਨ ਘੱਗਰ ਦਰਿਆ ’ਚ ਵੱਡੇ-ਵੱਡੇ ਪਾੜ ਪੈ ਗਏ ਸਨ, ਜਿਸ ਨਾਲ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ। ਘਰ, ਫ਼ਸਲਾਂ ਅਤੇ ਪਸ਼ੂ ਸਭ ਕੁਝ ਤਬਾਹ ਹੋ ਗਿਆ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਝਿੰਜਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਮਾਈਨਿੰਗ ਰਾਹੀਂ ਆਪਣਾ ਖ਼ਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਾਂਗਰਸੀ ਆਗੂ ਮਦਨਲਾਲ ਜਲਾਲਪੁਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਉਹ ਘੱਗਰ ਦਰਿਆ ਦੇ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰ ਰਹੇ ਹਨ। ਜਦੋਂ 2017 ਤੋਂ 2022 ਤੱਕ ਉਨ੍ਹਾਂ ਦੀ ਸਰਕਾਰ ਸੀ ਅਤੇ ਉਸ ਤੋਂ ਪਹਿਲਾਂ ਵੀ ਜਦੋਂ ਉਹ ਵਿਧਾਇਕ ਰਹੇ, ਉਸ ਸਮੇਂ ਘੱਗਰ ਦਰਿਆ ਵਿੱਚ ਨਜਾਇਜ਼ ਮਾਈਨਿੰਗ ਹੁੰਦੀ ਰਹੀ। ਉਸ ਵੇਲੇ ਨਾ ਤਾਂ ਕੋਈ ਆਵਾਜ਼ ਉਠਾਈ ਗਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਸਰਬਜੀਤ ਸਿੰਘ ਝਿੰਜਰ ਨੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ’ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਵਿਧਾਇਕ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਵਿਧਾਇਕ ’ਤੇ ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸ਼ੇ ਪੀਵੇ” ਵਾਲੀ ਕਹਾਵਤ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਹੜ੍ਹਾਂ ਨਾਲ ਪ੍ਰਭਾਵਿਤ ਲੋਕ ਅਜੇ ਤੱਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ। ਝਿੰਜਰ ਨੇ ਮੰਗ ਕੀਤੀ ਕਿ ਘੱਗਰ ਦਰਿਆ ਦੇ ਸਾਰੇ ਪਾੜ ਤੁਰੰਤ ਭਰੇ ਜਾਣ, ਨਜਾਇਜ਼ ਮਾਈਨਿੰਗ ’ਤੇ ਸਖ਼ਤ ਰੋਕ ਲਗਾਈ ਜਾਵੇ, ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਯੂਥ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।