ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਰਬਨ ਅਸਟੇਟ ਫੇਜ਼-2 ਵਿਚ ਕਰੀਬ 5 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਬਣਨ ਵਾਲੀਆਂ 25 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਵੀਨੀਕਰਨ ਅਤੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਜਿੱਥੇ ਇਕ ਪਾਸੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨਾਲ ਇਲਾਕੇ ਦੀ ਨੁਹਾਰ ਬਦਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਚਿੰਨ੍ਹ ਵੀ ਲੱਗ ਰਿਹਾ ਹੈ। ਅਰਬਨ ਅਸਟੇਟ ਦੀਆਂ ਤਕਰੀਬਨ ਸਾਰੀਆਂ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ, ਪਰ ਰਾਜਪੁਰਾ-ਸਰਹਿੰਦ ਬਾਈਪਾਸ ਤੋਂ ਚਿਨਾਰ ਬਾਗ ਵੱਲ ਜਾਂਦੀ ਸਭ ਤੋਂ ਅਹਿਮ ਮੁੱਖ ਸੜਕ ’ਤੇ ਅਜੇ ਤੱਕ ਮੰਤਰੀ ਜਾਂ ਪ੍ਰਸ਼ਾਸਨ ਦੀ ਨਜ਼ਰ ਨਹੀਂ ਪਈ ਹੈ। ਕਰੀਬ ਦੋ ਸਾਲ ਪਹਿਲਾਂ ਆਏ ਹੜ੍ਹ ਦੀ ਭੇਟ ਚੜ੍ਹੀ ਇਸ ਮਹੱਤਵਪੂਰਨ ਸੜਕ ਦੀ ਹਾਲਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਇਸ ’ਤੇ ਹਾਲੇ ਤੱਕ ਪੈੱਚ ਵਰਕ ਦਾ ਕੰਮ ਵੀ ਨਹੀਂ ਕੀਤਾ ਜਾ ਸਕਿਆ। ਸਿਹਤ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ 25 ਕਿਲੋਮੀਟਰ ਸੜਕਾਂ ਦੇ ਨਵੇਂ ਪ੍ਰੋਜੈਕਟ ਵਿਚ ਵੀ ਇਸ ਉਕਤ ਸੜਕ ਦੇ ਬਨਣ ਬਾਰੇ ਕੋਈ ਜਾਣਕਾਰੀ ਸ਼ਾਮਲ ਨਹੀਂ ਹੈ, ਜਿਸ ਕਾਰਨ ਚਿਨਾਰ ਬਾਗ ਤੇ ਆਸ-ਪਾਸ ਦੇ ਇਲਾਕਾ ਵਾਸੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਰਾਜਪੁਰਾ-ਸਰਹਿੰਦ ਬਾਈਪਾਸ ਤੋਂ ਚਿਨਾਰ ਬਾਗ ਵੱਲ ਜਾਂਦੀ ਸੜਕ ਦੀ ਹਾਲਤ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੁਣ ਸੜਕ ਵਿਚ ਟੋਏ ਨਹੀਂ, ਸਗੋਂ ਸੜਕ ਨੂੰ ਟੋਇਆਂ ਵਿਚ ਲੱਭਣਾ ਪੈ ਰਿਹਾ ਹੈ। ਕਈ ਸਾਲਾਂ ਤੋਂ ਬੇਹੱਦ ਤਰਸਯੋਗ ਹਾਲਤ ਵਿਚ ਪਈ ਇਸ ਸੜਕ ਵੱਲ ਨਾ ਤਾਂ ਸਥਾਨਕ ਪ੍ਰਸਾਸ਼ਨ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਹਲਕਾ ਵਿਧਾਇਕ ਤੇ ਮੰਤਰੀ ਦੀ ਸਵੱਲੀ ਨਜ਼ਰ ਇਸ ’ਤੇ ਪਈ ਹੈ। ਰੋਜ਼ਾਨਾ ਇੱਥੋਂ ਲੰਘਣ ਵਾਲੇ ਸੈਂਕੜੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਅਤੇ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਵਿਕਾਸ ਦੇ ਇਸ ਦੌਰ ਵਿੱਚ ਚਿਨਾਰ ਬਾਗ ਵਾਲੀ ਸੜਕ ਨੂੰ ਵੀ ਜਲਦ ਤੋਂ ਜਲਦ ਬਣਾਇਆ ਜਾਵੇ।
-25 ਕਿਲੋਮੀਟਰ ਲੰਬੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਰਬਨ ਅਸਟੇਟ ਫੇਜ਼-2 ਵਿਚ ਕਰੀਬ 5 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਬਣਨ ਵਾਲੀਆਂ 25 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਵੀਨੀਕਰਨ ਅਤੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ ਹੈ। ਡਾ. ਬਲਬੀਰ ਸਿੰਘ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਬਨ ਅਸਟੇਟ ਫੇਜ਼-2 ਦੀਆਂ ਇਨ੍ਹਾਂ ਸੜਕਾਂ ਦੇ ਨਵੀਨੀਕਰਨ ਨਾਲ ਇਲਾਕਾ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਵਿਚ ਆਵਾਜਾਈ ਹੋਰ ਸੁਗਮ ਤੇ ਸੁਰੱਖਿਅਤ ਬਣੇਗੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਤਹਿਤ ਸੂਬੇ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਇਲਾਕੇ ਦੇ ਪਾਰਕਾਂ ਦੀ ਮੁਰੰਮਤ ਤੇ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਹਨ, ਤਾਂ ਜੋ ਆਮ ਲੋਕਾਂ ਨੂੰ ਸਾਫ-ਸੁਥਰਾ, ਸੁੰਦਰ ਅਤੇ ਹਰਾ-ਭਰਾ ਵਾਤਾਵਰਨ ਮਿਲ ਸਕੇ। ਇਸ ਮੌਕੇ ਪੀਡੀਏ ਦੇ ਮੁੱਖ ਪ੍ਰਸ਼ਾਸ਼ਕ ਮਿਸ ਅਪਰਨਾ, ਚੀਫ਼ ਇੰਜੀਨੀਅਰ ਅਜੇ ਗਰਗ, ਐਸ.ਈ. ਵਰੁਣ ਗਰਗ, ਐਕਸੀਅਨ ਇੰਜੀਨੀਅਰ ਮੁਨੀਸ਼ ਮਹਿਤਾ, ਐਸ.ਡੀ.ਈ. ਇੰਜੀਨੀਅਰ ਰਾਜੀਵ ਕੁਮਾਰ ਅਤੇ ਜੇ.ਈ. ਇੰਜੀਨੀਅਰ ਅਵਤਾਰ ਸਿੰਘ ਸਮੇਤ ਕਈ ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।