ਧੁੰਦ ਕਾਰਨ ਬੱਸ, ਕੈਂਟਰ ਤੇ 3 ਕਾਰਾਂ ਟਕਰਾਈਆਂ, ਬੱਸ ਚਾਲਕ ਸਮੇਤ ਦਰਜਨ ਤੋਂ ਵੱਧ ਜ਼ਖ਼ਮੀ
ਰਾਜਪੁਰਾ ਨੇੜੇ ਧੁੰਦ ਕਾਰਨ ਬੱਸ, ਕੈਂਟਰ ਅਤੇ 3 ਕਾਰਾਂ ਟਕਰਾਈਆਂ, ਬੱਸ ਚਾਲਕ ਸਮੇਤ ਦਰਜਨ ਤੋਂ ਵੱਧ ਜ਼ਖ਼ਮੀ
Publish Date: Sun, 18 Jan 2026 06:24 PM (IST)
Updated Date: Mon, 19 Jan 2026 04:12 AM (IST)

ਰਾਜਪੁਰਾ ਦੇ ਸਿਵਲ ਹਸਪਤਾਲ ’ਚ ਕਰਵਾਏ ਦਾਖ਼ਲ ਐੱਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ-ਅੰਬਾਲਾ ਮੁੱਖ ਕੌਮੀ ਸ਼ਾਹ ਮਾਰਗ ’ਤੇ ਬੀਤੀ ਰਾਤ ਸੰਘਣੀ ਧੁੰਦ ਕਾਰਨ ਪਹਿਲਾਂ ਇਕ ਦੇ ਪਿੱਛੇ ਇਕ 3 ਕਾਰਾਂ ਟਕਰਾਈਆਂ, ਫੇਰ ਇਕ ਕੈਂਟਰ ਤੇ ਉਸ ਵਿਚ ਪੀ.ਆਰ.ਟੀ.ਸੀ. ਦੀ ਬੱਸ ਜਾ ਕੇ ਟਕਰਾਅ ਗਈ। ਇਹਨਾਂ ਹਾਦਸਿਆਂ ’ਚ ਦਰਜਨ ਤੋਂ ਵੱਧ ਜਣੇ ਜ਼ਖ਼ਮੀ ਹੋ ਗਏ। ਜ਼ਿਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦਾ ਗਿਆ। ਜਿੱਥੇ ਸਾਰੇ ਮਰੀਜਾਂ ਦਾ ਹਾਲਤ ਸਥਿਰ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਧੁੰਦ ਕਾਰਨ ਪਹਿਲਾਂ ਇਕ ਦੇ ਪਿੱਛੇ ਇਕ 3 ਕਾਰਾਂ ਆਪਸ ਵਿਚ ਟਕਰਾ ਗਈਆਂ। ਇਸ ਤੋਂ ਬਾਅਦ ਸਵੇਰੇ 8 ਵਜੇ ਦੇ ਕਰੀਬ ਅੱਗੇ ਇਕ ਕੈਂਟਰ ਕਾਰਾਂ ’ ਚ ਟਕਰਾਇਆ ਤੇ ਫੇਰ ਉਸਦੇ ਚਾਲਕ ਨੇ ਕੈਂਟਰ ਜਿਉਂ ਹੀ ਸੱਜੇ ਪਾਸੇ ਮੋੜਿਆਂ ਤਾਂ ਪਿੱਛੋਂ ਘਨੌਰ ਤੋਂ ਰਾਜਪੁਰਾ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਟਕਰਾ ਗਈ, ਜਿਸ ਕਾਰਨ ਬੱਸ ਦੇ ਚਾਲਕ ਸਮੇਤ ਦਰਜਨ ਦੇ ਕਰੀਬ ਮਰਦ ਔਰਤਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚ ਬੱਸ ਚਾਲਕ ਮਨਵਿੰਦਰ ਪਾਲ ਸਿੰਘ ਬੱਲੋਪੁਰ, ਰਮਨਦੀਪ ਕੌਰ ਘਨੌਰ, ਨਵਜੋਤ ਕੌਰ ਆਕੜ, ਲਖਵਿੰਦਰ ਕੌਰ ਸੰਧਾਰਸੀ, ਰੱਜੀ ਉਕਸੀ ਖਲਾਸਪੁਰ, ਨਿਸ਼ਾ ਰਾਣੀ ਮਰਦਾਂਪੁਰ, ਹਰਜੀਤ ਸਿੰਘ ਕਾਮੀ ਕਲਾਂ, ਪਰਮਜੀਤ ਕੌਰ ਮੰਜੌਲੀ, ਅੰਜੂ ਰਾਣੀ ਮੰਜੌਲੀ, ਰਣਜੀਤ ਸਿੰਘ ਪੁਰਾਣਾ ਰਾਜਪੁਰਾ, ਨਿਰਮਲਾ ਦੇਵੀ ਉਲਾਣਾ ਅਤੇ ਕਾਰਾਂ ਦੇ ਸਵਾਰ ਅਮਨਦੀਪ ਸਿੰਘ ਮਦਨਪੁਰ ਤੇ ਜਨਕੂ ਕੁਰਾਲੀ ਹਨ। ਇਸ ਹਾਦਸੇ ’ਚ ਰਾਤ ਤਾਂ ਹਾਦਸਾ ਗ੍ਰਸਤ ਕਾਰਾਂ ਕਾਫੀ ਨੁਕਸਾਨੀਆਂ ਗਈਆਂ ਸਨ ਪਰ ਕੈਂਟਰ ਵਿਚ ਵੱਜਣ ਕਾਰਨ ਬੱਸ ਦਾ ਅਗਲਾ ਹਿੱਸਾ ਵੀ ਕਾਫੀ ਨੁਕਸਾਨਿਆ ਗਿਆ। ਡਾਕਟਰਾਂ ਅਨੁਸਾਰ ਮਰੀਜਾਂ ਦੀ ਹਾਲਤ ਸਥਿਰ ਹੈ ਤੇ ਖ਼ਤਰੇ ਤੋਂ ਬਾਹਰ ਹਨ। ਸੰਪਰਕ ਕਰਨ ’ਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਦੇ ਨਾਲ ਐਕਸਰੇ ਤੇ ਸਕੈਨਿੰਗ ਮੁਫ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸ਼ੰਭੂ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਵਾਹਨ ਦਾ ਗਲਤੀ ਹੋਈ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।