ਕਿਸਾਨਾਂ ਨੇ ਬਿਜਲੀ ਬਿੱਲ 2025 ਦੀਆਂ ਸਾੜੀਆਂ ਕਾਪੀਆਂ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਿਜਲੀ ਬਿਲ 2025 ਦੀਆਂ ਸਾੜੀਆਂ ਕਾਪੀਆਂ
Publish Date: Mon, 08 Dec 2025 05:16 PM (IST)
Updated Date: Mon, 08 Dec 2025 05:18 PM (IST)

ਪਰਦੀਪ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਰਹਿੰਦ ਵਿਖੇ ਪੰਜਾਬ ਰਾਜ ਪਾਵਰਕਾਮ ਦੀ ਸਬ-ਡਵੀਜ਼ਨ ਦਫ਼ਤਰ ਅੱਗੇ ਬਿਜਲੀ ਸੋਧ ਬਿੱਲ-2025 ਦੀਆਂ ਕਾਪੀਆਂ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ 2020 ਵਿਚ ਤਿੰਨ ਖੇਤੀ ਕਾਨੂੰਨਾਂ ਨਾਲ ਹੀ ਬਿਜਲੀ ਸੋਧ ਬਿੱਲ ਵੀ ਲਿਆਉਣਾ ਚਾਹੁੰਦੀ ਸੀ, ਪਰ ਕਿਸਾਨ ਅੰਦੋਲਨ ਦੀ ਤਾਕਤ ਅੱਗੇ ਉਹ ਬਿੱਲ ਵਾਪਸ ਲੈਣਾ ਪਿਆ ਸੀ। ਹੁਣ ਪੰਜ ਸਾਲ ਬਾਅਦ ਉਹੀ ਬਿੱਲ ਨਵੇਂ ਨਾਮ ਨਾਲ ‘ਬਿਜਲੀ ਸੋਧ ਬਿੱਲ-2025’ ਦੇ ਰੂਪ ਵਿਚ ਲਿਆਂਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਫੈਸਲਾ ਲਿਆ ਹੈ ਕਿ ਇਹ ਬਿੱਲ ਖਪਤਕਾਰਾਂ, ਕਿਸਾਨਾਂ ਤੇ ਬਿਜਲੀ ਮੁਲਾਜ਼ਮਾਂ ਸਮੇਤ ਹਰ ਵਰਗ ਦਾ ਨੁਕਸਾਨ ਕਰੇਗਾ। ਇਸ ਨੂੰ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਨਾਰਥਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਚਰਚਾ ਲਈ ਪੰਜਾਬ ਸਰਕਾਰ ਨੂੰ ਭੇਜਿਆ ਹੈ। ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਬਿੱਲ ਦਾ ਸੰਗੀਨ ਵਿਰੋਧ ਕਰਨਾ ਚਾਹੀਦਾ ਹੈ ਅਤੇ ਮਤਾ ਪਾਸ ਕਰਨਾ ਚਾਹੀਦਾ ਹੈ। ਜੇਕਰ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਾ ਲੈਂਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਸਮੇਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨੂੰਪੁਰ, ਗੁਰਜੀਤ ਸਿੰਘ ਬਾਠ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਚਨਾਰਥਲ, ਜ਼ਿਲ੍ਹਾ ਖ਼ਜ਼ਾਨਚੀ ਬਲਦੀਪ ਸਿੰਘ ਬਧੌਛੀ, ਬਲਾਕ ਸਰਹਿੰਦ ਪ੍ਰਧਾਨ ਜਸਪਾਲ ਸਿੰਘ ਲਟੋਰ, ਬਲਾਕ ਅਮਲੋਹ ਦੇ ਪ੍ਰਧਾਨ ਜਸਵੀਰ ਸਿੰਘ ਭੱਦਲਥੂਹਾ, ਗਿਆਨ ਸਿੰਘ, ਬਲਾਕ ਆਗੂ ਲਖਵੀਰ ਸਿੰਘ ਗੋਲੂ, ਨਾਜਰ ਸਿੰਘ ਰੁੜਕੀ, ਗੁਰਜੀਤ ਸਿੰਘ ਧਤੌਦਾ, ਰਣਜੀਤ ਸਿੰਘ ਬਧੌਛੀ, ਦਰਸ਼ਨ ਸਿੰਘ, ਨਿਰਮਲ ਸਿੰਘ ਰੁੜਕੀ ਅਤੇ ਹੋਰ ਬਹੁਤ ਕਿਸਾਨ ਆਗੂ ਸ਼ਾਮਲ ਹੋਏ।