ਜਾਣਕਾਰੀ ਮੁਤਾਬਕ, 28 ਅਪ੍ਰੈਲ ਸਵੇਰੇ 4 ਵਜੇ ਤੋਂ ਲਾਸ਼ ਹਸਪਤਾਲ ਵਿਚ ਰੱਖੀ ਹੋਈ ਹੈ। ਮਾਮਲੇ ਵਿਚ ਨਵਾਂ ਮੋੜ ਉਦੋਂ ਆਇਆ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਜੀਆਰਪੀ ਪੁਲਿਸ ਲਈ ਪੋਸਟਮਾਰਟਮ ਕਰਵਾਉਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ।

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ: ਰਾਜਪੁਰਾ-ਸ਼ੰਭੂ ਰੇਲਵੇ ਲਾਈਨ ’ਤੇ 27 ਅਪ੍ਰੈਲ ਨੂੰ ਹੋਏ ਧਮਾਕੇ ਵਿਚ ਮਾਰੇ ਗਏ ਜਗਰੂਪ ਸਿੰਘ ਦਾ ਮਾਮਲਾ ਹੁਣ ਗੰਭੀਰ ਪ੍ਰਸ਼ਾਸਨਿਕ ਅਤੇ ਕਾਨੂੰਨੀ ਉਲਝਣਾਂ ਵਿਚ ਫਸ ਗਿਆ ਹੈ। ਪਿਛਲੇ ਕਰੀਬ 8 ਦਿਨਾਂ ਤੋਂ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਈ ਹੈ, ਪਰ ਅਜੇ ਤੱਕ ਪੋਸਟਮਾਰਟਮ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ, 28 ਅਪ੍ਰੈਲ ਸਵੇਰੇ 4 ਵਜੇ ਤੋਂ ਲਾਸ਼ ਹਸਪਤਾਲ ਵਿਚ ਰੱਖੀ ਹੋਈ ਹੈ। ਮਾਮਲੇ ਵਿਚ ਨਵਾਂ ਮੋੜ ਉਦੋਂ ਆਇਆ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਜੀਆਰਪੀ ਪੁਲਿਸ ਲਈ ਪੋਸਟਮਾਰਟਮ ਕਰਵਾਉਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਨਿਯਮਾਂ ਅਨੁਸਾਰ 72 ਘੰਟਿਆਂ ਬਾਅਦ ਪੁਲਿਸ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ, ਪਰ ਇਸ ਮਾਮਲੇ ਵਿਚ ਲਾਜ਼ਮੀ ਇਜਾਜ਼ਤਾਂ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਬੀਤੇ ਦਿਨੀਂ ਜੀਆਰਪੀ ਅਧਿਕਾਰੀ ਪੋਸਟਮਾਰਟਮ ਦੀ ਮਨਜ਼ੂਰੀ ਲਈ ਐੱਸਡੀਐੱਮ ਰਾਜਪੁਰਾ ਸੁਖਜਿੰਦਰ ਸਿੰਘ ਟਿਵਾਣਾ ਕੋਲ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸੰਬੰਧਿਤ ਕਾਨੂੰਨੀ ਐਕਟ ਅਤੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ। ਇਸ ਸਬੰਧੀ ਜਦੋਂ ਐੱਸਡੀਐੱਮ ਰਾਜਪੁਰਾ ਸੁਖਜਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਜੂਦਾ ਐਕਟ ਵਿਚ ਬਿਨਾਂ ਪੋਸਟਮਾਰਟਮ ਜਾਂ ਬਿਨਾਂ ਉਸਦੇ ਸੰਸਕਾਰ ਕਰਨ ਲਈ ਕੋਈ ਮੌਜੂਦਾ ਐਕਟ ਵਿਚ ਇਸ ਸਬੰਧੀ ਕੋਈ ਨਿਯਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੀਆਰਪੀ ਪੁਲਿਸ ਨੂੰ ਸਬੰਧਿਤ ਐਕਟ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਜਿਵੇਂ ਹੀ ਪੁਲਿਸ ਵੱਲੋਂ ਐਕਟ ਦੀ ਕਾਪੀ ਪ੍ਰਦਾਨ ਕੀਤੀ ਜਾਵੇਗੀ। ਉਸਦੇ ਆਧਾਰ ’ਤੇ ਪਰਮਿਸ਼ਨ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਦ ਤੱਕ ਉਨ੍ਹਾਂ ਕੋਲ ਸੰਬੰਧਿਤ ਕਾਨੂੰਨੀ ਨਿਯਮ ਨਹੀਂ ਆ ਜਾਂਦੇ, ਤਦ ਤੱਕ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਜੀਆਰਪੀ ਨੂੰ ਹੁਣ ਡੀਸੀ ਕੋਲ ਜਾਣਾ ਪਵੇਗਾ, ਤਾਂ ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਇਹ ਸਪਸ਼ਟ ਨਹੀਂ ਹੈ ਕਿ ਅੰਤਿਮ ਤੌਰ ’ਤੇ ਪਰਮਿਸ਼ਨ ਕੌਣ ਦੇਵੇਗਾ। ਇਸ ਲਈ ਪਹਿਲਾਂ ਐਕਟ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ, ਜਿਸਦੇ ਆਧਾਰ ’ਤੇ ਅਗਲਾ ਫੈਸਲਾ ਲਿਆ ਜਾਵੇਗਾ।
ਮੰਗਲਵਾਰ ਨੂੰ ਦੁਬਾਰਾ ਹੋਈ ਮੀਟਿੰਗ ਵੀ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਇਸ ਦੌਰਾਨ 8 ਦਿਨ ਬੀਤ ਜਾਣ ਦੇ ਬਾਵਜੂਦ ਪੋਸਟਮਾਰਟਮ ਨਾ ਹੋਣਾ ਸਿਸਟਮ ’ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਕ ਪਾਸੇ ਪੁਲਿਸ ਜਾਂਚ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਪ੍ਰਸ਼ਾਸਨਿਕ ਪੇਚਾਂ ਕਾਰਨ ਮ੍ਰਿਤਕ ਦੇਹ ਮੁਰਦਾਘਰ ਵਿਚ ਹੀ ਪਈ ਹੈ।