ਇਸ ਦੇ ਨਾਲ ਹੀ, ਸੋਮਵਾਰ ਸ਼ਾਮ 4 ਵਜੇ ਦੇ ਕਰੀਬ ਬਿਜਲੀ ਦੀ ਮੰਗ 7738 ਮੈਗਾਵਾਟ ਰਹੀ। ਮੌਸਮ ਵਿਚ ਸੁਧਾਰ ਦੇ ਬਾਵਜੂਦ ਸੂਬੇ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਰੋਪੜ ਥਰਮਲ ਪਲਾਂਟ ਦਾ ਸਿਰਫ਼ ਇਕ ਯੂਨਿਟ ਬੰਦ ਰਿਹਾ, ਜਦਕਿ ਬਾਕੀ ਸਾਰੇ ਪਲਾਂਟਾਂ ਦੇ ਯੂਨਿਟਾਂ ਤੋਂ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਸੂਬੇ ਵਿਚ ਐਤਵਾਰ ਰਾਤ ਪਈ ਭਰਪੂਰ ਬਰਸਾਤ ਤੋਂ ਬਾਅਦ ਬਿਜਲੀ ਦੀ ਮੰਗ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਚ ਆਈ ਤਬਦੀਲੀ ਅਤੇ ਗਰਮੀ ਤੋਂ ਰਾਹਤ ਮਿਲਣ ਕਾਰਨ ਬਿਜਲੀ ਦੀ ਖਪਤ ਜੋ ਪਿਛਲੇ ਦਿਨਾਂ ਵਿਚ 12 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਗਈ ਸੀ, ਹੁਣ ਕਾਫੀ ਹੇਠਾਂ ਆ ਗਈ ਹੈ। ਸੋਮਵਾਰ ਨੂੰ ਸੂਬੇ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 9800 ਮੈਗਾਵਾਟ ਅਤੇ ਘੱਟ ਤੋਂ ਘੱਟ ਮੰਗ ਕਰੀਬ 4400 ਮੈਗਾਵਾਟ ਦਰਜ ਕੀਤੀ ਗਈ। ਇਸ ਦੇ ਨਾਲ ਹੀ, ਸੋਮਵਾਰ ਸ਼ਾਮ 4 ਵਜੇ ਦੇ ਕਰੀਬ ਬਿਜਲੀ ਦੀ ਮੰਗ 7738 ਮੈਗਾਵਾਟ ਰਹੀ। ਮੌਸਮ ਵਿਚ ਸੁਧਾਰ ਦੇ ਬਾਵਜੂਦ ਸੂਬੇ ਦੇ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਰੋਪੜ ਥਰਮਲ ਪਲਾਂਟ ਦਾ ਸਿਰਫ਼ ਇਕ ਯੂਨਿਟ ਬੰਦ ਰਿਹਾ, ਜਦਕਿ ਬਾਕੀ ਸਾਰੇ ਪਲਾਂਟਾਂ ਦੇ ਯੂਨਿਟਾਂ ਤੋਂ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਆਪਣੇ ਅਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਹਾਈਡਰੋ ਪ੍ਰਾਜੈਕਟਾਂ ਤੋਂ ਕੁੱਲ ਮਿਲਾ ਕੇ 3900 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਗਈ ਹੈ। 840 ਮੈਗਾਵਾਟ ਵਾਲੀ ਰੋਪੜ ਥਰਮਲ ਪਲਾਂਟ ਤੋਂ 419 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹਬਤ ਪਲਾਂਟ ਤੋਂ 627 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਤੋਂ 281 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਜਦੋਂਕਿ 1400 ਮੈਗਾਵਾਟ ਵਾਲੇ ਰਾਜਪੁਰਾ ਥਰਮਲ ਪਲਾਂਟ ਤੋਂ 820 ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ 1204 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਪੀਐੱਸਪੀਸੀਐੱਲ ਨੇ ਆਪਣੇ ਤੇ ਨਿੱਜੀ ਥਰਮਲਾਂ ਅਤੇ ਹਾਈਡਰੋ ਪ੍ਰਾਜੈਕਟ ਤੋਂ 3900 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਹੈ।
| ਥਰਮਲ ਪਲਾਂਟ ਦਾ ਨਾਮ | ਕੁੱਲ ਸਮਰੱਥਾ (ਮੈਗਾਵਾਟ) | ਪ੍ਰਾਪਤ ਬਿਜਲੀ (ਮੈਗਾਵਾਟ) |
| ਰੋਪੜ ਥਰਮਲ ਪਲਾਂਟ | 840 | 419 |
| ਲਹਿਰਾ ਮੁਹੱਬਤ ਪਲਾਂਟ | 920 | 627 |
| ਗੋਇੰਦਵਾਲ ਸਾਹਿਬ ਪਲਾਂਟ | 540 | 281 |
| ਰਾਜਪੁਰਾ ਥਰਮਲ ਪਲਾਂਟ | 1400 | 820 |
| ਤਲਵੰਡੀ ਸਾਬੋ ਪਲਾਂਟ | 1980 | 1204 |