ਮੀਂਹ ਪੈਣ ਨਾਲ ਲੋਕਾਂ ਦੇ ਨਾਲ -ਨਾਲ ਪਾਵਰਕਾਮ ਨੂੂੰ ਰਾਹਤ! ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੋਂ ਆਈ ਹੇਠਾਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਮੁਤਾਬਕ, ਮੰਗਲਵਾਰ ਨੂੰ ਸਿਖਰਲੇ ਘੰਟਿਆਂ ਦੌਰਾਨ ਬਿਜਲੀ ਦੀ ਮੰਗ 8,600 ਮੈਗਾਵਾਟ ਦੇ ਕਰੀਬ ਰਹੀ। ਜਦਕਿ ਪਿਛਲੇ ਹਫ਼ਤੇ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ, ਦੌਰਾਨ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਵੀ ਵੱਧ ਗਈ ਸੀ।
Publish Date: Wed, 29 Apr 2026 08:26 AM (IST)
Updated Date: Wed, 29 Apr 2026 08:29 AM (IST)
ਸਟਾਫ ਰਿਪੋਰਟ, ਪੰਜਾਬੀ ਜਾਗਰਣ, ਪਟਿਆਲਾ : ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਨੇ ਲੋਕਾਂ ਨੂੰ ਹੀ ਨਹੀਂ ਪਾਵਰਕਾਮ ਨੂੰ ਰਾਹਤ ਦਿੱਤੀ ਹੈ। ਮੀਂਹ ਕਾਰਨ ਤਾਪਮਾਨ ’ਚ ਆਈ ਗਿਰਾਵਟ ਕਰਕੇ ਬਿਜਲੀ ਦੀ ਮੰਗ ’ਚ ਵੀ ਭਾਰੀ ਕਮੀ ਆਈ ਹੈ। ਲਗਾਤਾਰ ਵਧ ਰਹੀ ਮੰਗ ਕਾਰਨ ਡਾਵਾਂਡੋਲ ਹੋ ਰਿਹਾ ਬਿਜਲੀ ਸਪਲਾਈ ਦਾ ਢਾਂਚਾ ਮੁੜ ਲੀਹ ’ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਮੁਤਾਬਕ, ਮੰਗਲਵਾਰ ਨੂੰ ਸਿਖਰਲੇ ਘੰਟਿਆਂ ਦੌਰਾਨ ਬਿਜਲੀ ਦੀ ਮੰਗ 8,600 ਮੈਗਾਵਾਟ ਦੇ ਕਰੀਬ ਰਹੀ। ਜਦਕਿ ਪਿਛਲੇ ਹਫ਼ਤੇ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ, ਦੌਰਾਨ ਬਿਜਲੀ ਦੀ ਮੰਗ 12,000 ਮੈਗਾਵਾਟ ਤੋਂ ਵੀ ਵੱਧ ਗਈ ਸੀ। ਮੀਂਹ ਨੇ ਫੌਰੀ ਰਾਹਤ ਦਿੱਤੀ ਹੈ, ਪਰ ਆਉਣ ਵਾਲੇ ਦਿਨਾਂ ’ਚ ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਮੰਗ ’ਚ ਫਿਰ ਉਛਾਲ ਆਉਣ ਦੀ ਸੰਭਾਵਨਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ’ਚ ਲੋਕ ਬਿਜਲੀ ਕੱਟਾਂ ਤੋਂ ਬੇਹੱਦ ਪਰੇਸ਼ਾਨ ਸਨ। ਵੱਧ ਮੰਗ ਕਾਰਨ ਪਾਵਰ ਕਾਰਪੋਰੇਸ਼ਨ ਨੂੰ ਸਪਲਾਈ ਬਰਕਰਾਰ ਰੱਖਣ ਲਈ ਕੱਟ ਲਗਾਉਣੇ ਪੈ ਰਹੇ ਸਨ। ਪਰ ਮੰਗਲਵਾਰ ਨੂੰ ਮੰਗ 9 ਹਜ਼ਾਰ ਮੈਗਾਵਾਟ ਤੋਂ ਹੇਠਾਂ ਰਹਿਣ ਕਾਰਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰਹੀ। ਪੀਐੱਸਪੀਸੀਐੱਲ ਅਨੁਸਾਰ ਬਿਜਲੀ ਬੈਂਕਿੰਗ ਤੇ ਹੋਰ ਸੋਮਿਆਂ ਰਾਹੀਂ ਵਾਧੂ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਜੇਕਰ ਤਾਪਮਾਨ ਦੁਬਾਰਾ ਵਧਦਾ ਹੈ, ਤਾਂ ਵੀ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰੀ ਹੈ।