ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਜੇਕਰ ਕਿਸੇ ਵਿਦਿਆਰਥੀ ਦੇ ਨਾਂ, ਪਿਤਾ ਦੇ ਨਾਂ ਜਾਂ ਮਾਤਾ ਦੇ ਨਾਂ ਵਿਚ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨ ਲਈ ਹੁਣ ਵੱਖ-ਵੱਖ ਸਮੇਂ ਅਨੁਸਾਰ ਫੀਸ ਦੇਣੀ ਪਵੇਗੀ। ਤਿੰਨ ਸਾਲ ਤੱਕ ਦੇ ਸਮੇਂ ਲਈ ਇਹ ਫੀਸ ਪੰਜ ਸੌ ਰੁਪਏ ਅਤੇ ਪੰਜ ਸਾਲ ਤੋਂ ਵੱਧ ਸਮੇਂ ਲਈ ਚਾਰ ਹਜ਼ਾਰ ਰੁਪਏ ਤੱਕ ਰੱਖੀ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਦਫਤਰ ਵੱਲੋਂ ਇਕ ਅਹਿਮ ਨੋਟਿਸ ਜਾਰੀ ਕਰਦਿਆਂ ਪ੍ਰੀਖਿਆ ਸ਼ਾਖਾ ਨਾਲ ਸਬੰਧਤ ਵੱਖ-ਵੱਖ ਫੀਸਾਂ ਤੇ ਤਰੁੱਟੀ ਫੀਸ ’ਚ ਸੋਧ ਕੀਤੀ ਗਈ ਹੈ। ਸਿੰਡੀਕੇਟ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਇਸ ਫੈਸਲੇ ਅਨੁਸਾਰ, ਨਵੀਆਂ ਫੀਸਾਂ 1 ਅਪ੍ਰੈਲ ਤੋਂ ਪ੍ਰਭਾਵਸ਼ਾਲੀ ਹੋ ਜਾਣਗੀਆਂ। ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਜੇਕਰ ਕਿਸੇ ਵਿਦਿਆਰਥੀ ਦੇ ਨਾਂ, ਪਿਤਾ ਦੇ ਨਾਂ ਜਾਂ ਮਾਤਾ ਦੇ ਨਾਂ ਵਿਚ ਕੋਈ ਗਲਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨ ਲਈ ਹੁਣ ਵੱਖ-ਵੱਖ ਸਮੇਂ ਅਨੁਸਾਰ ਫੀਸ ਦੇਣੀ ਪਵੇਗੀ। ਤਿੰਨ ਸਾਲ ਤੱਕ ਦੇ ਸਮੇਂ ਲਈ ਇਹ ਫੀਸ ਪੰਜ ਸੌ ਰੁਪਏ ਅਤੇ ਪੰਜ ਸਾਲ ਤੋਂ ਵੱਧ ਸਮੇਂ ਲਈ ਚਾਰ ਹਜ਼ਾਰ ਰੁਪਏ ਤੱਕ ਰੱਖੀ ਗਈ ਹੈ। ਵਿਦਿਆਰਥੀਆਂ ਲਈ ਕੰਸੋਲੀਡੇਟਿਡ ਫੀਸ ਦੋ ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਜਾਂ ਇਮੀਗ੍ਰੇਸ਼ਨ ਲਈ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਲਈ ਫੀਸ 15 ਹਜ਼ਾਰ ਰੁਪਏ ਤੇ ਜੀਐਸਟੀ ਵੱਖ ਤੋਂ ਤੈਅ ਕੀਤੀ ਗਈ ਹੈ। ਜੇਕਰ ਕੋਈ ਵਿਦਿਆਰਥੀ ਆਪਣਾ ਪ੍ਰੀਖਿਆ ਕੇਂਦਰ ਬਦਲਣਾ ਚਾਹੁੰਦਾ ਹੈ ਤਾਂ ਉਸ ਲਈ ਪੰਜ ਹਜ਼ਾਰ ਰੁਪਏ ਫੀਸ ਰੱਖੀ ਗਈ ਹੈ। ਡੁਪਲੀਕੇਟ ਡਿਗਰੀ ਲਈ ਇਕ ਹਜ਼ਾਰ ਰੁਪਏ ਅਤੇ ਡੁਪਲੀਕੇਟ ਰੋਲ ਨੰਬਰ (ਪ੍ਰੀਖਿਆ ਤੋਂ ਪਹਿਲਾਂ) ਲਈ ਪੰਜ ਸੌ ਰੁਪਏ ਫੀਸ ਹੋਵੇਗੀ। ਕਿਸੇ ਵਿਸ਼ੇਸ਼ ਕੇਸ ਵਿਚ ਜੇਕਰ ਪ੍ਰੀਖਿਆ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਸ ਦੀ ਫੀਸ ਪ੍ਰਤੀ ਪੇਪਰ ਦਸ ਹਜ਼ਾਰ ਰੁਪਏ ਤੱਕ ਹੋ ਸਕਦੀ ਹੈ।
---
ਪੁਰਾਣੇ ਸਰਕੂਲਰ ਰੱਦ
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਕ ਅਪ੍ਰੈਲ ਤੋਂ ਨਵੀਆਂ ਦਰਾਂ ਲਾਗੂ ਹੋਣ ਦੇ ਨਾਲ ਹੀ, ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਤਰੁੱਟੀ ਫੀਸ ਅਤੇ ਪ੍ਰੀਖਿਆ ਸ਼ਾਖਾ ਨਾਲ ਸਬੰਧਤ ਸਾਰੇ ਪੁਰਾਣੇ ਸਰਕੂਲਰ ਰੱਦ ਸਮਝੇ ਜਾਣਗੇ। ਇਹ ਹੁਕਮ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ, ਕਾਂਸਟੀਚਿਊਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਮਾਨਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਭੇਜ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਫੀਸ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਨਵੀਂ ਸੂਚੀ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਡਿਗਰੀ/ਸਰਟੀਫਿਕੇਟ ’ਚ ਸੁਧਾਰ : 500 ਤੋਂ 4000 ਰੁਪਏ
ਕੰਸੋਲੀਡੇਟਿਡ ਫੀਸ : 2000 ਰੁਪਏ
ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ : 15,000 ਰੁਪਏ ਜੀਐਸਟੀ
ਪ੍ਰੀਖਿਆ ਕੇਂਦਰ ਦੀ ਤਬਦੀਲੀ : 5,000 ਰੁਪਏ
ਡੁਪਲੀਕੇਟ ਦਸਤਾਵੇਜ਼ : 500 ਤੋਂ 1000 ਰੁਪਏ
ਪ੍ਰੀਖਿਆ ਪਹਿਲਾਂ ਕਰਵਾਉਣ ਦੀ ਫੀਸ : ਪ੍ਰਤੀ ਪੇਪਰ 10,000 ਰੁਪਏ