ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਨੇ ਮਸਲੇ ਵਿਚਾਰੇ
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਅਹੁਦੇਦਾਰਾਂ ਦੀ ਮੀਟਿੰਗ ਦਾ ਆਯੋਜਨ
Publish Date: Mon, 08 Dec 2025 04:26 PM (IST)
Updated Date: Mon, 08 Dec 2025 04:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਬਿਜਲੀ ਵਿੰਗ ਲੋਕ ਨਿਰਮਾਣ ਵਿਭਾਗ 1680 ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਮੁੱਖ ਇੰਜੀਨੀਅਰ ਵਿਜੇ ਕੁਮਾਰ ਚੋਪੜਾ, ਰਜਿਸਟਰਾਰ ਇੰਦਰਪਾਲ ਸਿੰਘ, ਸੁਪਰਡੈਂਟ ਚਰਨਪਾਲ ਸਿੰਘ ਅਤੇ ਹੋਰ ਸਕੱਤਰੇਤ ਦਾ ਅਮਲਾ ਸ਼ਾਮਲ ਹੋਇਆ। ਮੀਟਿੰਗ ਵਿਚ ਦਰਸ਼ਨ ਸਿੰਘ ਲੁਬਾਣਾ, ਉਂਕਾਰ ਸਿੰਘ ਦਮਨ, ਰਮਨਦੀਪ ਸ਼ਰਮਾ ਆਦਿ ਆਗੂ ਸ਼ਾਮਲ ਸਨ। ਮੀਟਿੰਗ ’ਚ ਪੰਜਾਬ ਲੋਕ ਨਿਰਮਾਣ ਵਿਭਾਗ ਬਿਜਲੀ ਵਿੰਗ, ਬਾਗਬਾਨੀ ਵਿੰਗ ਤੇ ਸਿਵਲ ਵਿੰਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਊਟ ਸੋਰਸ ਕਰਮਚਾਰੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਅਤੇ ਰੈਗੂਲਾਈਜੇਸ਼ਨ ਨਿਯਮ 2016 ਦੀ ਰੋਸ਼ਨੀ ਵਿਚ ਵਿਭਾਗ ਵਿਚ ਖਪਾਉਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ, ਨਿਯਮਤ ਨਿਯੁਕਤੀ ਕਰਨ ਵਰਗੇ ਅੱਧਾ ਦਰਜਨ ਇਸ਼ੂਆਂ ਤੇ ਗੱਲਬਾਤ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਆਈ.ਐਸ. ਨਾਲ ਹੋਈ। ਇਨ੍ਹਾਂ ਆਗੂਆਂ ਵੱਲੋਂ ਉਠਾਏ ਸਾਰੇ ਇਸ਼ੂਆਂ ਤੇ ਤਸੱਲੀ ਪਰਗਟ ਕੀਤੀ ਗਈ। ਦਰਸ਼ਨ ਸਿੰਘ ਲੁਬਾਣਾ ਨੇ ਇਹ ਵੀ ਮੰਗ ਉਠਾਈ ਕਿ ਆਊਟ ਸੋਰਸ ਕਰਮਚਾਰੀਆਂ ਨੂੰ ਸਕਿਲਡ, ਅਣਸਕਿਲਡ ਉਹਨਾਂ ਦੇ ਕੰਮ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਉਚੇਰਾ ਸਕੇਲ ਦਿੱਤਾ ਜਾਵੇ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਵਿਦਿਅਕ ਯੋਗਤਾ ਤੋਂ ਛੋਟ ਦਿੱਤੀ ਜਾਵੇ। ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਆਈ.ਏ.ਐਸ. ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਾਰੀਆਂ ਮੰਗਾਂ ਨੂੰ ਸਰਕਾਰ ਪਾਸ ਉਠਾਉਣਗੇ ਅਤੇ ਇਨ੍ਹਾਂ ਮੰਗਾਂ ਤੇ ਫੈਸਲਾ ਜਲਦ ਹੀ ਲਿਆ ਜਾਵੇਗਾ।