। ਇਸ 'ਫਰਜ਼ੀ ਨਿਪਟਾਰੇ' ਦੀ ਪ੍ਰਥਾ ਕਾਰਨ ਜਨਤਾ ਨੂੰ ਬੇਲੋੜੀ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਐੱਸਪੀਸੀਐੱਲ ਦੇ ਉੱਚ ਪ੍ਰਬੰਧਕਾਂ ਕੋਲ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਲਾਪ੍ਰਵਾਹੀ ਨੂੰ ਹੁਣ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਕਈ ਥਾਵਾਂ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਅੰਕੜਿਆਂ ਨੂੰ ਕਾਗਜ਼ਾਂ ਵਿਚ ਬਿਹਤਰ ਅਤੇ ਚੰਗਾ ਦਿਖਾਉਣ ਲਈ ਸ਼ਿਕਾਇਤਾਂ ਦਾ ਅਸਲ ਨਿਪਟਾਰਾ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਸਿਸਟਮ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਇਸ 'ਫਰਜ਼ੀ ਨਿਪਟਾਰੇ' ਦੀ ਪ੍ਰਥਾ ਕਾਰਨ ਜਨਤਾ ਨੂੰ ਬੇਲੋੜੀ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੀਐੱਸਪੀਸੀਐੱਲ ਦੇ ਉੱਚ ਪ੍ਰਬੰਧਕਾਂ ਕੋਲ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਲਾਪ੍ਰਵਾਹੀ ਨੂੰ ਹੁਣ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਦਾਇਤਾਂ ਵਿਚ ਸਖ਼ਤੀ ਨਾਲ ਮਨਾਹੀ ਕੀਤੀ ਗਈ ਹੈ ਕਿ ਕੋਈ ਵੀ ਉੱਚ ਅਧਿਕਾਰੀ ਜਾਂ ਕਰਮਚਾਰੀ ਅੰਕੜਿਆਂ ਨੂੰ ਸੁਧਾਰਨ ਦੇ ਚੱਕਰ ਵਿਚ ਸ਼ਿਕਾਇਤਾਂ ਨੂੰ ਸਮੇਂ ਤੋਂ ਪਹਿਲਾਂ ਜਾਂ ਗਲਤ ਤਰੀਕੇ ਨਾਲ ਬੰਦ ਕਰਨ ਲਈ ਐੱਨਸੀਸੀ ਦੇ ਸਟਾਫ਼ 'ਤੇ ਕਿਸੇ ਵੀ ਕਿਸਮ ਦਾ ਦਬਾਅ ਨਹੀਂ ਪਾਵੇਗਾ। ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਹਰ ਪੱਧਰ 'ਤੇ ਬਰਕਰਾਰ ਰੱਖਣੀ ਲਾਜ਼ਮੀ ਹੋਵੇਗੀ।
ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਪ੍ਰਬੰਧਕੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਕ ਬੇਹੱਦ ਅਹਿਮ ਅਤੇ ਸਖ਼ਤ ਕਦਮ ਚੁੱਕਿਆ ਗਿਆ ਹੈ। ਕਾਰਪੋਰੇਸ਼ਨ ਨੇ ਬਿਜਲੀ ਦੇ ਕੱਟਾਂ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਤੋਂ ਪਹਿਲਾਂ ਜਾਂ ਬਿਨਾਂ ਹੱਲ ਕੀਤੇ ‘ਫਰਜ਼ੀ ਤੌਰ 'ਤੇ ਬੰਦ’ (ਫੇਕ ਕਲੋਜ਼ਰ) ਕਰਨ ਦੀ ਪ੍ਰਥਾ ਵਿਰੁੱਧ ਇਕ ਉੱਚ-ਪੱਧਰੀ ਅਤੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਪੀਐੱਸਪੀਸੀਐੱਲ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵੱਲੋਂ ਸਮੂਹ ਮੁੱਖ ਇੰਜੀਨੀਅਰਾਂ ਨੂੰ ਜਾਰੀ ਕੀਤੇ ਗਏ ਇਕ ਪੱਤਰ ਵਿਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਕਾਰਪੋਰੇਸ਼ਨ ਅਤੇ ਪੰਜਾਬ ਸਰਕਾਰ ਸੇਵਾ ਦੇ ਅੰਕੜਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਹੇਰਾਫੇਰੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਵਿਰੁੱਧ ਮੁਕੰਮਲ ਤੌਰ 'ਤੇ 'ਜ਼ੀਰੋ-ਟੋਲਰੈਂਸ' ਨੀਤੀ ਅਪਣਾਈ ਜਾਵੇਗੀ।
ਅਧਿਕਾਰੀਆਂ ਦੀ ਨਿੱਜੀ ਜ਼ਿੰਮੇਵਾਰੀ ਤੈਅ
ਨਵੀਆਂ ਅਤੇ ਸਖ਼ਤ ਹਦਾਇਤਾਂ ਦੇ ਅਨੁਸਾਰ, ਨੋਡਲ ਸ਼ਿਕਾਇਤ ਕੇਂਦਰਾਂ (ਐੱਨਸੀਸੀ) ਦੇ ਇੰਚਾਰਜ ਸੀਨੀਅਰ ਐਕਸੀਅਨ ਅਤੇ ਏਐੱਸਈ ਨੂੰ ਨਿੱਜੀ ਤੌਰ 'ਤੇ ਇਸ ਗੱਲ ਲਈ ਜ਼ਿੰਮੇਵਾਰ ਬਣਾਇਆ ਗਿਆ ਹੈ ਕਿ ਉਹ ਹਰ ਇਕ ਸ਼ਿਕਾਇਤ ਦੀ ਬਾਰੀਕੀ ਨਾਲ ਨਿਗਰਾਨੀ ਕਰਨ। ਉਹ ਇਹ ਯਕੀਨੀ ਬਣਾਉਣਗੇ ਕਿ ਕਿਸੇ ਵੀ ਸ਼ਿਕਾਇਤ ਨੂੰ ਆਨਲਾਈਨ ਸਿਸਟਮ ਵਿਚ ਸਿਰਫ ਅਤੇ ਸਿਰਫ ਉਦੋਂ ਹੀ 'ਕਲੋਜ਼' ਜਾਂ ਬੰਦ ਕੀਤਾ ਜਾਵੇ, ਜਦੋਂ ਬਿਜਲੀ ਦੀ ਖਰਾਬੀ ਨੂੰ ਜ਼ਮੀਨੀ ਪੱਧਰ 'ਤੇ ਅਸਲ ਵਿਚ ਠੀਕ ਕਰ ਦਿੱਤਾ ਗਿਆ ਹੋਵੇ ਤੇ ਬਿਜਲੀ ਸਪਲਾਈ ਬਹਾਲ ਹੋ ਚੁੱਕੀ ਹੋਵੇ।
ਬਰਖਾਸਤਗੀ ਵਰਗੀਆਂ ਸਖ਼ਤ ਸਜ਼ਾਵਾਂ
ਕਾਰਪੋਰੇਸ਼ਨ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਫਰਜ਼ੀ ਨਿਪਟਾਰਾ ਕਰਨ, ਕਰਵਾਉਣ ਜਾਂ ਇਸ ਕੰਮ ਲਈ ਦੂਜੇ ਮੁਲਾਜ਼ਮਾਂ 'ਤੇ ਦਬਾਅ ਪਾਉਣ ਦਾ ਦੋਸ਼ੀ ਪਾਇਆ ਗਿਆ, ਤਾਂ ਉਸ ਵਿਰੁੱਧ ਤੁਰੰਤ ਪੀਐੱਸਪੀਸੀਐੱਲ ਸੇਵਾਵਾਂ ਨਿਯਮਾਂ' ਤਹਿਤ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਨ੍ਹਾਂ ਗੰਭੀਰ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਤੁਰੰਤ ਮੁਅੱਤਲੀ ਤੋਂ ਲੈ ਕੇ ਬਰਖਾਸਤਗੀ ਤੱਕ ਦੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਖਪਤਕਾਰਾਂ ਨੂੰ ਸੁਚੇਤ ਰਹਿਣ ਦੀ ਅਪੀਲ
ਪੀਐੱਸਪੀਸੀਐੱਲ ਨੇ ਆਮ ਜਨਤਾ ਅਤੇ ਬਿਜਲੀ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਮਾਮਲਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ। ਜੇਕਰ ਕਿਸੇ ਖਪਤਕਾਰ ਦੀ ਬਿਜਲੀ ਬਹਾਲ ਹੋਏ ਬਿਨਾਂ ਹੀ ਉਸ ਦੀ ਸ਼ਿਕਾਇਤ ਨੂੰ ਸਿਸਟਮ ਵਿਚ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਉਹ ਤੁਰੰਤ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਕਰਨ। ਕਾਰਪੋਰੇਸ਼ਨ ਹਰੇਕ ਨਾਗਰਿਕ ਨੂੰ ਭਰੋਸੇਯੋਗ, ਪਾਰਦਰਸ਼ੀ ਤੇ ਜਵਾਬਦੇਹ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਦੇ ਪੰਜਾਬ ਸਰਕਾਰ ਦੇ ਸੰਕਲਪ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।