ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਡੀਸੀ ਦਫਤਰ ਮੂਹਰੇ ਧਰਨਾ
ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਡੀਸੀ ਦਫਤਰ ਮੂਹਰੇ ਧਰਨਾ
Publish Date: Tue, 06 Jan 2026 05:51 PM (IST)
Updated Date: Wed, 07 Jan 2026 04:03 AM (IST)

ਚੋਣ ਡਿਊਟੀ ਦੌਰਾਨ ਜ਼ਖ਼ਮੀ ਹੋਏ ਸਨ ਦੋਵੇਂ ਅਧਿਆਪਕ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦਫ਼ਤਰ ਦੇ ਬਾਹਰ ਧਰਨਾ ਲਾਉਦਿਆਂ ਚੋਣ ਡਿਊਟੀ ਦੌਰਾਨ ਐਕਸੀਡੈਂਟ ਦਾ ਸ਼ਿਕਾਰ ਹੋਏ ਅਧਿਆਪਕ ਰਾਜਬੀਰ ਕੌਰ ਤੇ ਮਨਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਇਸ ਮੌਕੇ ਅਧਿਆਪਕ ਆਗੂਆਂ ਦਾਤਾ ਸਿੰਘ, ਸੁਖਵਿੰਦਰ ਗਿਰ, ਦੇਵੀ ਦਿਆਲ, ਕ੍ਰਿਸ਼ਨ ਸਿੰਘ ਦੁੱਗਾਂ, ਅਵਤਾਰ ਸਿੰਘ ਭਲਵਾਨ ਨੇ ਕਿਹਾ ਕਿ ਰਾਜਵੀਰ ਕੌਰ ਜੋ ਕਿ ਐਸੋਸੀਏਟ ਅਧਿਆਪਕ ਹਨ ਤੇ ਉੱਕਾ ਪੱਕਾ ਤਨਖਾਹ ’ਤੇ ਕੰਮ ਕਰਦੇ ਹਨ, ਦੀ ਕਾਰ ਚੋਣ ਡਿਊਟੀ ਤੇ ਜਾਂਦੇ ਸਮੇਂ ਸੁਨਾਮ ਦੇ ਨੇੜੇ ਇਕ ਸੂਏ ਵਿਚ ਡਿੱਗੀ ਜਿਸ ਕਾਰਨ ਉਨਾ ਦਾ ਗਿੱਟਾ ਤੇ ਗੋਡੇ ਦੀ ਚੱਪਣੀ ਟੁੱਟ ਗਈ ਅਤੇ ਕਾਰ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਅਧਿਆਪਕ ਮਨਪ੍ਰੀਤ ਸਿੰਘ ਜੋ ਕਿ ਆਪਣੀ ਚੋਣ ਡਿਊਟੀ ਪੂਰੀ ਕਰਨ ਤੋਂ ਬਾਅਦ ਘਰ ਜਾ ਰਹੇ ਸੀ ਦਾ ਐਕਸੀਡੈਂਟ ਹੋਇਆ ਅਤੇ, ਉਨ੍ਹਾਂ ਦੇ ਵੀ ਸੱਟਾਂ ਵੱਜੀਆਂ। ਨਾਲ ਹੀ ਕਾਰ ਦੇ ਪਲਟ ਜਾਣ ਕਰ ਕੇ ਕਾਰ ਦਾ ਕਾਫੀ ਨੁਕਸਾਨ ਹੋਇਆ। ਅਧਿਆਪਕ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਸਰਬਜੀਤ ਪੁੰਨਾਂਵਾਲ, ਮੇਘ ਰਾਜ, ਬਲਵੀਰ ਚੰਦ ਲੌਂਗੋਵਾਲ, ਫਕੀਰ ਸਿੰਘ ਟਿੱਬਾ ਨੇ ਕਿਹਾ ਇਨਾ ਦੋਵਾਂ ਅਧਿਆਪਕਾਂ ਲਈ ਵੀਹ- ਵੀਹ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਜਖਮੀ ਹਾਲਤ ਕਰਕੇ ਸਮੇਤ ਤਨਖਾਹ ਸਪੈਸ਼ਲ ਛੁੱਟੀ ਦੀ ਮੰਗ ਕੀਤੀ। ਜਿਕਰ ਯੋਗ ਹੈ ਕਿ ਉਕਤ ਮੰਗਾਂ ਮਸਲਿਆਂ ਨੂੰ ਲੈ ਕੇ ਪਹਿਲਾਂ ਵੀ ਡੀਸੀ ਸੰਗਰੂਰ ਨੂੰ ਮਿਲਿਆ ਗਿਆ ਸੀ ਜਿਸ ਤੇ ਉਨ੍ਹਾਂ ਨੇ ਉਕਤ ਅਧਿਆਪਕਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਤੇ ਛੁੱਟੀ ਦੇਣ ਦੀ ਗੱਲ ਮੰਨੀ ਸੀ। ਪਰ ਲੰਮਾ ਸਮਾਂ ਲੰਘ ਜਾਣ ’ਤੇ ਵੀ ਮੰਗਾਂ ਦੀ ਪੂਰਤੀ ਨਾ ਹੋਣ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਮਜ਼ਬੂਰਨ ਇਹ ਧਰਨਾ ਲਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਡੀਪੀਓ ਸੰਗਰੂਰ ਵੱਲੋਂ ਅਧਿਆਪਕਾਂ ਨੂੰ ਡੀਸੀ ਸੰਗਰੂਰ ਨਾਲ ਮੀਟਿੰਗ ਕਰਵਾ ਕੇ ਮੰਗਾਂ ਮਨਵਾਉਣ ਦੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਹੋਇਆ। ਇਸ ਮੌਕੇ ਰਾਣੋ ਖੇੜੀ ਗਿੱਲਾਂ, ਜੁਝਾਰ ਲੌਂਗੋਵਾਲ, ਰਮਨ ਕੁਮਾਰ ਮਲੋਟ, ਗੁਰਲਾਭ ਸਿੰਘ ਆਲੋਅਰਖ, ਗੁਰਸੇਵਕ ਸਿੰਘ ਕਲੇਰ, ਬਲਦੇਵ ਸਿੰਘ ਬਡਰੁੱਖਾਂ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਫਕੀਰ ਸਿੰਘ ਟਿੱਬਾ, ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਬਾਰਾ ਸਿੰਘ, ਸਤਨਾਮ ਉੱਭਾਵਾਲ, ਸੁਖਜਿੰਦਰ ਸਿੰਘ, ਯਾਦਵਿੰਦਰ ਧੂਰੀ, ਮਾਲਵਿੰਦਰ ਸਿੰਘ, ਸੁਖਦੇਵ ਸਿੰਘ ਚਗਾਲੀਵਾਲਾ, ਕੁਲਵੰਤ ਸਿੰਘ ਖਨੌਰੀ, ਹਰਜੀਤ ਸਿੰਘ ਗਲਵੱਟੀ, ਹਰੀਸ਼ ਕੁਮਾਰ ਹਾਜ਼ਰ ਸਨ।