ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਾਂ : ਪ੍ਰੋ. ਬਡੂੰਗਰ
ਮਹਾਨ ਕ੍ਰਾਂਤੀਕਾਰੀ ਮਹਾਂਪੁਰਸ਼ ਭਗਤ ਗੁਰੂ ਰਵਿਦਾਸ ਸਾਰਿਆਂ ਲਈ ਪ੍ਰੇਰਨਾ ਸਰੋਤ : ਪ੍ਰੋ. ਬਡੂੰਗਰ
Publish Date: Sat, 31 Jan 2026 07:25 PM (IST)
Updated Date: Sat, 31 Jan 2026 07:28 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਭਗਤ ਗੁਰੂ ਰਵਿਦਾਸ ਜੀ ਇੱਕ ਮਹਾਨ ਕ੍ਰਾਂਤੀਕਾਰੀ ਮਹਾਪੁਰਸ਼ ਸਨ, ਜਿਨ੍ਹਾਂ ਵੱਲੋਂ ਵਿਖਾਇਆ ਮਾਰਗ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਗਤ ਰਵਿਦਾਸ ਜੀ ਨੇ ਸਾਰੀ ਉਮਰ ਪੂਰੀ ਦ੍ਰਿੜਤਾ ਅਤੇ ਸਿਦਕਦਿਲੀ ਨਾਲ ਭਾਰਤੀਆਂ ਅੰਦਰ ਫੈਲੇ ਵਰਣਵੰਡ, ਜਾਤ ਪਾਤ ਦੇ ਸਿਸਟਮ, ਊਚ ਨੀਚ ਦੀ ਨਖਿੱਧ ਧਾਰਨਾ ਵਿਰੁੱਧ ਅਤੇ ਮਨੁੱਖੀ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕੀਤਾ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਗਤ ਰਵਿਦਾਸ ਜੀ ਵੱਲੋਂ ਰਚੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰ ਕੇ ਵੱਡਾ ਮਾਣ-ਸਨਮਾਨ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦੇ ਕੇ ਭਗਤ ਜੀ ਦੀ ਬਾਣੀ ਨੂੰ ਵੀ ਗੁਰੂ ਦਾ ਦਰਜਾ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਖੌਤੀ ਆਧੁਨਿਕ ਵਿਗਿਆਨਕ ਯੁੱਗ ਵਿਚ ਹਾਲੇ ਵੀ ਭਾਰਤੀ ਜਨਤਾ ਵਿਚ ਜਾਤ-ਪਾਤ ਦਾ ਕੋਹੜ, ਊਚ-ਨੀਚ ਦੀ ਭਾਵਨਾ, ਵਰਣਵੰਡ ਦੀ ਸੋਚ ਪ੍ਰਫੁੱਲਿਤ ਹੋ ਰਹੀ ਹੈ, ਜਿਸ ਨਾਲ ਦੇਸ਼ ਕਮਜ਼ੋਰ ਹੋ ਰਿਹਾ ਹੈ ਅਤੇ ਆਓ ਮਿਲ ਕੇ ਇਸ ਨਖਿਧ ਸੋਚ ਅਤੇ ਗੈਰ-ਕੁਦਰਤੀ ਵਰਤਾਰੇ ਦਾ ਡੱਟ ਕੇ ਵਿਰੋਧ ਕਰੀਏ।