ਸਿਆਸੀ ਧਮਾਕਾ: ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ 'ਆਪ' 'ਚ ਹੋ ਸਕਦੇ ਹਨ ਸ਼ਾਮਿਲ, ਉੱਚ ਪੱਧਰੀ ਗੱਲਬਾਤ ਜਾਰੀ
ਹਾਲਾਂਕਿ, ਪਿਛਲੇ ਸਮੇਂ ਦੌਰਾਨ ਪਾਰਟੀ ਅੰਦਰ ਪੈਦਾ ਹੋਏ ਮਤਭੇਦਾਂ ਕਾਰਨ ਉਹ ਬਾਗੀ ਸੁਰ ਅਪਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਵਿੱਚ ਚਲੇ ਗਏ ਸਨ।
Publish Date: Wed, 13 May 2026 02:37 PM (IST)
Updated Date: Wed, 13 May 2026 02:40 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਫੇਰਬਦਲ ਹੋਣ ਦੇ ਸੰਕੇਤ ਮਿਲੇ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਣ ਦੀ ਚਰਚਾ ਤੇਜ਼ ਹੋ ਗਈ। ਇਸ ਸਬੰਧੀ ਖੁਦ ਸੁਰਜੀਤ ਸਿੰਘ ਰੱਖੜਾ ਨੇ ਪੰਜਾਬੀ ਜਾਗਰਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨਾਲ ਉੱਪਰਲੇ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।
ਰੱਖੜਾ ਨੇ ਦੱਸਿਆ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਸਬੰਧੀ ਪ੍ਰਕਿਰਿਆ ਨਿਰੰਤਰ ਜਾਰੀ ਹੈ ਅਤੇ ਉਹ ਬਹੁਤ ਜਲਦ ਇਸ ਬਾਰੇ ਆਪਣੇ ਸਮਰਥਕਾਂ ਅਤੇ ਜਨਤਾ ਨੂੰ ਰਸਮੀ ਤੌਰ 'ਤੇ ਸੂਚਿਤ ਕਰਨਗੇ। ਉਨ੍ਹਾਂ ਦੇ ਇਸ ਕਦਮ ਨਾਲ ਨਾ ਸਿਰਫ਼ ਪਟਿਆਲਾ ਬਲਕਿ ਪੂਰੇ ਮਾਲਵਾ ਖਿੱਤੇ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਰੱਖੜਾ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਸਤੰਭ ਰਹੇ ਹਨ। ਉਹ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਅਹਿਮ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ ਅਤੇ ਉਨ੍ਹਾਂ ਦੀ ਗਿਣਤੀ ਪ੍ਰਕਾਸ਼ ਸਿੰਘ ਬਾਦਲ ਦੇ ਅੱਤ ਨਜ਼ਦੀਕੀ ਆਗੂਆਂ ਵਿੱਚ ਹੁੰਦੀ ਸੀ।
ਹਾਲਾਂਕਿ, ਪਿਛਲੇ ਸਮੇਂ ਦੌਰਾਨ ਪਾਰਟੀ ਅੰਦਰ ਪੈਦਾ ਹੋਏ ਮਤਭੇਦਾਂ ਕਾਰਨ ਉਹ ਬਾਗੀ ਸੁਰ ਅਪਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਵਿੱਚ ਚਲੇ ਗਏ ਸਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਰੱਖੜਾ 'ਆਪ' ਵਿੱਚ ਸ਼ਾਮਿਲ ਹੁੰਦੇ ਹਨ, ਤਾਂ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਖਾਸ ਕਰਕੇ ਪਟਿਆਲਾ ਜ਼ਿਲ੍ਹੇ ਵਿੱਚ ਜਿੱਥੇ ਰੱਖੜਾ ਪਰਿਵਾਰ ਦਾ ਆਪਣਾ ਵੱਡਾ ਜਨ ਆਧਾਰ ਹੈ। ਦੂਜੇ ਪਾਸੇ, ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਲਈ ਇਹ ਇੱਕ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਸਿਆਸੀ ਤਬਦੀਲੀ ਕਿਹੜਾ ਨਵਾਂ ਮੋੜ ਲੈਂਦੀ ਹੈ।