ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਜੋਂ ਕੰਮ ਕਾਜ ਪਿੰਡ ਬੁਰਜ ਬਘੇਲ ਸਿੰਘ ਵਾਲਾ ਨਾਲ ਸਬੰਧਤ ਨਗਰ ਨਿਵਾਸੀ ਹੀ ਚਲਾਉਂਦੇ ਹਨ...

ਸੁਖਜਿੰਦਰ ਸਿੰਘ ਝੱਲ, ਅਮਰਗੜ੍ਹ : ਨਾਭਾ-ਮਾਲੇਰਕੋਟਲਾ ਸੂਬਾ ਸੜਕ ’ਤੇ ਮਾਹੋਰਾਣਾ ਤੋਂ ਪਿੰਡ ਬਾਠਾਂ ਨੂੰ ਆਉਂਦੀ ਸੜਕ ਉੱਪਰ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਬਣਿਆ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਇਲਾਕੇ ਭਰ ਲਈ ਅਥਾਹ ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਜਗ੍ਹਾ ਮਹਾਨ ਤਪੱਸਵੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਵਿਸਾਵਾ ਸਿੰਘ ਜੀ ਵੱਲੋਂ ਲੰਮਾ ਸਮਾਂ ਤਪੱਸਿਆ ਕੀਤੀ ਗਈ ਸੀ। ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਸਮਕਾਲੀ ਰਹੇ ਸੰਤ ਬਾਬਾ ਵਿਸਾਵਾ ਸਿੰਘ ਜੀ ਡੇਰਾ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਵਿਖੇ ਰਹਿੰਦੇ ਹੋਏ ਇਸ ਅਸਥਾਨ ’ਤੇ ਤਪੱਸਿਆ ਕਰਨ ਦੇ ਨਾਲ-ਨਾਲ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੇ ਨਾਮ ਬਾਣੀ ਨਾਲ ਜੋੜਦੇ ਰਹੇ, ਉੱਥੇ ਹੀ ਸ਼ਰਨ ਵਿੱਚ ਆਉਣ ਵਾਲੇ ਜੀਵਾਂ ਦੀ ਭਲਾਈ ਕਰਦੇ ਰਹੇ। ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਵਿਖੇ ਜਿੱਥੇ ਸੰਤ ਬਾਬਾ ਵਿਸਾਵਾ ਸਿੰਘ ਜੀ ਵੱਲੋਂ ਤਪੱਸਿਆ ਕੀਤੀ ਗਈ ਉੱਥੇ ਹੀ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਸੰਤ ਬਾਬਾ ਅਤਰ ਸਿੰਘ ਜੀ ਵੀ ਉਨ੍ਹਾਂ ਦੇ ਨਾਲ ਤਪੱਸਿਆ ਕਰਦੇ ਰਹੇ ਹਨ। ਸ਼ੁਰੂ-ਸ਼ੁਰੂ ਵਿੱਚ ਇਸ ਜਗ੍ਹਾ ਛੋਟਾ ਦਰਬਾਰ ਸਾਹਿਬ ਬਣਿਆ ਹੁੰਦਾ ਸੀ ਪਰ ਜਿਉਂ-ਜਿਉਂ ਇਸ ਅਸਥਾਨ ਦੀ ਮਹਿਮਾ ਦਾ ਪ੍ਰਚਾਰ ਹੋਣ ਲੱਗਾ ਉਦੋਂ ਤੋਂ ਸੰਗਤਾਂ ਦੀ ਵਧਦੀ ਸੰਖਿਆ ਨੂੰ ਮੁੱਖ ਰੱਖਦਿਆਂ ਇਸ ਅਸਥਾਨ ’ਤੇ ਵਿਸ਼ਾਲ ਦਰਬਾਰ ਸਾਹਿਬ ਅਤੇ ਲੰਗਰ ਹਾਲ ਬਣਾਉਣ ਦੇ ਨਾਲ-ਨਾਲ ਦਰਸ਼ਨੀ ਡਿਓੜੀ ਅਤੇ ਪੱਕੇ ਸਰੋਵਰ ਦਾ ਨਿਰਮਾਣ ਕੀਤਾ ਗਿਆ।
ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਵਿਖੇ ਹਰ ਐਤਵਾਰ ਨੂੰ ਸੰਗਤਾਂ ਦਾ ਭਾਰੀ ਇਕੱਠ ਜੁੜਦਾ ਹੈ ਅਤੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਗਿਣਤੀ ਹਜ਼ਾਰਾਂ ਤੱਕ ਚਲੇ ਜਾਂਦੀ ਹੈ । ਅਖੰਡ ਪਾਠ ਸਾਹਿਬ ਜਾਂ ਸਹਜ ਪਾਠ ਸਾਹਿਬ ਦੇ ਭੋਗ ਉਪਰੰਤ ਹਰ ਐਤਵਾਰ ਨੂੰ ਗੁਰੂਘਰ ਵਿਖੇ ਕੀਰਤਨ ਹੁੰਦਾ ਹੈ ਅਤੇ ਸਮਾਪਤੀ ਉਪਰੰਤ ਸਾਰੀਆਂ ਸੰਗਤਾਂ ਬੈਠ ਕੇ ਲੰਗਰ ਛਕਦੀਆਂ ਹਨ। ਐਤਵਾਰ ਨੂੰ ਸਾਰਾ ਦਿਨ ਹੀ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਜਿੱਥੇ ਸੰਗਤਾਂ ਨੂੰ ਨਿਹਾਲ ਕਰਦੇ ਹਨ ਉੱਥੇ ਹੀ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਹੈ। ਐਤਵਾਰ ਤੋਂ ਬਿਨਾਂ ਵੀ ਇਸ ਅਸਥਾਨ ਉੱਪਰ ਲੰਗਰ ਹਮੇਸ਼ਾ ਚੱਲਦਾ ਰਹਿੰਦਾ ਹੈ, ਜਿਸ ਕਾਰਨ ਇਸ ਅਸਥਾਨ ਤੋਂ ਕੋਈ ਵੀ ਭੁੱਖਾ ਨਹੀਂ ਜਾਂਦਾ।
ਇਸ ਅਸਥਾਨ ’ਤੇ ਸੰਤ ਬਾਬਾ ਵਿਸਾਵਾ ਸਿੰਘ ਜੀ ਦੀ ਬਰਸੀ ਹਰ ਸਾਲ 6, 7 ਤੇ 8 ਹਾੜ੍ਹ ਨੂੰ ਮਨਾਈ ਜਾਂਦੀ ਹੈ ਅਤੇ ਇਸ ਬਰਸੀ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਬਰਸੀ ਸਮਾਗਮ ਦੇ ਤਿੰਨੇ ਦਿਨ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਨ ।
ਕੀਤੀ ਗਈ ਅਰਦਾਸ ਹੁੰਦੀ ਹੈ ਪੂਰੀ
ਇਸ ਅਸਥਾਨ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੀਆਂ ਸੰਗਤਾਂ ਦਾ ਮੰਨਣਾ ਹੈ ਕਿ ਇਸ ਅਸਥਾਨ ’ਤੇ ਕੀਤੀ ਗਈ ਹਰ ਅਰਦਾਸ ਪੂਰੀ ਹੁੰਦੀ ਹੈ, ਇਸੇ ਕਰਕੇ ਇਸ ਅਸਥਾਨ ਉੱਪਰ ਅਰਦਾਸ ਬੇਨਤੀ ਕਰਨ ਵਾਲੀਆਂ ਸੰਗਤਾਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਹਰ ਇੱਕ ਦੁੱਖ ਸੁੱਖ ਤੋਂ ਇਲਾਵਾ ਪੁੱਤਰ ਪ੍ਰਾਪਤੀ ਅਤੇ ਵਿਦੇਸ਼ ਜਾਣ ਦੇ ਚਾਹਵਾਨ ਬੱਚਿਆਂ ਦੀਆਂ ਅਰਦਾਸਾਂ ਇੱਥੇ ਪ੍ਰਵਾਨ ਚੜ੍ਹਦੀਆਂ ਹਨ। ਸੰਗਤਾਂ ਦੀ ਇਹ ਵੀ ਮਨੌਤ ਹੈ ਕਿ ਇਸ ਅਸਥਾਨ ਵਿਖੇ ਬਣੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕਈ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ, ਇਸ ਕਰਕੇ ਸੰਗਤਾਂ ਭਾਰੀ ਸੰਖਿਆ ਵਿੱਚ ਹਰ ਐਤਵਾਰ ਨੂੰ ਇਸ਼ਨਾਨ ਵੀ ਕਰਦੀਆਂ ਹਨ ।
ਪਿੰਡ ਦੀ ਕਮੇਟੀ ਹੀ ਚਲਾਉਂਦੀ ਹੈ ਪ੍ਰਬੰਧ
ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਜੋਂ ਕੰਮ ਕਾਜ ਪਿੰਡ ਬੁਰਜ ਬਘੇਲ ਸਿੰਘ ਵਾਲਾ ਨਾਲ ਸਬੰਧਤ ਨਗਰ ਨਿਵਾਸੀ ਹੀ ਚਲਾਉਂਦੇ ਹਨ। ਇਸ ਸਮੇ ਗੁਰਮੀਤ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ, ਨਾਜਰ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ ਆਦਿ ਅਹੁਦੇਦਾਰ ਪ੍ਰਬੰਧਕ ਕਮੇਟੀ ਵਿੱਚ ਸੁਚੱਜੀ ਸੇਵਾ ਨਿਭਾਅ ਰਹੇ ਹਨ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਚੜ੍ਹਾਵੇ ਦੇ ਰੂਪ ਵਿੱਚ ਇਕੱਤਰ ਹੋਈ ਮਾਇਆ ਤੋਂ ਇਲਾਵਾ ਗੁਰਦੁਆਰਾ ਸਾਹਿਬ ਪਾਸ ਜ਼ਮੀਨ ਵੀ ਹੈ ਜੋ ਠੇਕੇ ’ਤੇ ਦਿੱਤੀ ਜਾਂਦੀ ਹੈ।