PRTC ਦੀਆਂ ਜ਼ਮੀਨਾਂ ’ਤੇ ਲੱਗਣਗੇ ਪੈਟਰੋਲ ਪੰਪ, ਹੋਵੇਗੀ 80 ਲੱਖ ਰੁਪਏ ਦੀ ਸਾਲਾਨਾ ਆਮਦਨ
ਇਸ ਮੀਟਿੰਗ ’ਚ ਆਈਓਸੀਐੱਲ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸੀਓਡੀਓ ਮਾਡਲ ਅਧਾਰ ‘ਤੇ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ ਵਿਖੇ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਪੀਆਰਟੀਸੀ ਨੂੰ ਅੰਦਾਜ਼ਨ 80 ਲੱਖ ਦੀ ਸਾਲਾਨਾ ਆਮਦਨ ਹੋਵੇਗੀ।
Publish Date: Fri, 03 Apr 2026 09:50 AM (IST)
Updated Date: Fri, 03 Apr 2026 09:52 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਪੀਆਰਟੀਸੀ ਵੱਲੋਂ ਆਪਣੀ ਆਮਦਨ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੀਆਰਟੀਸੀ ਵੱਲੋਂ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੀਆਂ ਜ਼ਮੀਨਾਂ ’ਤੇ ਪੈਟਰੋਲ ਪੰਪ ਲਗਾਉਣ ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਨੇਜਾ ਨੇ ਦੱਸਿਆ ਕਿ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ ਦੀ ਜ਼ਮੀਨ ’ਤੇ ਆਈਓਸੀਐੱਲ ਵੱਲੋਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕਰਨ ਲਈ ਆਈਓਸੀਐੱਲ ਦੇ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ’ਚ ਆਈਓਸੀਐੱਲ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸੀਓਡੀਓ ਮਾਡਲ ਅਧਾਰ ‘ਤੇ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ ਵਿਖੇ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਪੀਆਰਟੀਸੀ ਨੂੰ ਅੰਦਾਜ਼ਨ 80 ਲੱਖ ਦੀ ਸਾਲਾਨਾ ਆਮਦਨ ਹੋਵੇਗੀ। ਐਡਵੋਕੇਟ ਜੁਨੇਜਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੀਆਰਟੀਸੀ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੀ.ਆਰ.ਟੀ.ਸੀ. ਦੇ ਹੋਰ ਅਦਾਰਿਆਂ ’ਚ ਵੀ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਅਰੰਭੀ ਹੋਈ ਹੈ ਅਤੇ ਇਸ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ।
ਚੇਅਰਮੈਨ ਪੀਆਰਟੀਸੀ ਵੱਲੋਂ ਆਈਓਸੀਐੱਲ ਦੇ ਉੱਚ-ਅਧਿਕਾਰੀਆਂ ਨੂੰ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਵਿਖੇ ਪੰਪ ਲਗਾਉਣ ਲਈ ਅਲਾਟਮੈਂਟ ਪੱਤਰ ਜਾਰੀ ਕਰਦੇ ਹੋਏ ਤੁਰੰਤ ਕੰਮ ਸ਼ੁਰੂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਪ੍ਰਸ਼ਾਸ਼ਨ ਮੰਨਿਦਰਪਾਲ ਸਿੰਘ ਸਿੱਧੂ ਅਤੇ ਪੀ.ਆਰ.ਟੀ.ਸੀ. ਦੇ ਹੋਰ ਅਧਿਕਾਰੀ ਤੋਂ ਇਲਾਵਾ ਆਈ.ਓ.ਸੀ.ਐਲ. ਦੇ ਮੁੱਖ ਪ੍ਰਬੰਧਕ ਵਿਨੈ ਕੁਮਾਰ ਅਗਰਵਾਲ, ਸਹਾਇਕ ਪ੍ਰਬੰਧਕ ਸ਼ਿਵਹਰੀ ਸ਼ਰਮਾ ਅਤੇ ਇੰਜੀਨੀਅਰਿੰਗ ਤੋਂ ਹਰਸ਼ ਰਾਜ ਵੀ ਹਾਜ਼ਰ ਸਨ।