ਜਗਤਪੁਰਾ ’ਚ ਪਾਸਟਰ ਦੀ ਲਾਸ਼ ਦਬਾਉਣ ਦਾ ਲੋਕਾਂ ਨੇ ਕੀਤਾ ਵਿਰੋਧ
ਜਗਤਪੁਰਾ ’ਚ ਪਾਸਟਰ ਦੀ ਲਾਸ਼ ਦਬਾਉਣ ਦਾ ਲੋਕਾਂ ਨੇ ਕੀਤਾ ਵਿਰੋਧ
Publish Date: Thu, 05 Feb 2026 07:48 PM (IST)
Updated Date: Fri, 06 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਸ਼ਹਿਰ ਵਿਚ ਇਸਾਈ ਭਾਈਚਾਰੇ ਲਈ ਕਬਰਸਤਾਨ ਨਾ ਹੋਣ ਕਾਰਨ ਮ੍ਰਿਤਕ ਪਾਸਟਰ ਦੇ ਸਰੀਰ ਨੂੰ ਦਫ਼ਨਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਵੀਰਵਾਰ ਨੂੰ ਹੋਰ ਗੰਭੀਰ ਬਣ ਗਿਆ। ਵੀਰਵਾਰ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਜਗਤਪੁਰਾ ਮੁਹੱਲੇ ਦੀ ਖਾਲੀ ਜ਼ਮੀਨ ’ਤੇ ਲਾਸ਼ ਦਫ਼ਨ ਕਰ ਕੇ ਭਾਵੇਂ ਪ੍ਰਸ਼ਾਸਨ ਨੇ ਇਸਾਈ ਭਾਈਚਾਰੇ ਦਾ ਰੋਸ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਵਿਰੋਧ ਵਿਚ ਇਲਾਕਾ ਨਿਵਾਸੀ ਖੜ੍ਹੇ ਹੋ ਗਏ। ਵੀਰਵਾਰ ਦੇਰ ਸ਼ਾਮ ਜਗਤਪੁਰਾ ਮੁਹੱਲਾ ਨਿਵਾਸੀਆਂ ਨੇ ਧੂਰੀ–ਮਾਲੇਰਕੋਟਲਾ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ’ਤੇ ਪਹੁੰਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਰੋਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀਆਂ ਨੇ ਜਗਤਪੁਰਾ ਦੀ ਜ਼ਮੀਨ ’ਤੇ ਦਫ਼ਨ ਕੀਤੀ ਗਈ ਲਾਸ਼ ਨੂੰ ਤੁਰੰਤ ਇਥੋਂ ਕੱਢ ਕੇ ਕਿਸੇ ਹੋਰ ਥਾਂ ਦਫ਼ਨ ਕਰਨ ਦੀ ਮੰਗ ਕੀਤੀ। ਇਸਦੇ ਨਾਲ ਹੀ ਐਲਾਨ ਕੀਤਾ ਕਿ ਕਿਸੇ ਵੀ ਕੀਮਤ ’ਤੇ ਇਸ ਥਾਂ ’ਤੇ ਲਾਸ਼ ਦਫ਼ਨ ਕਰਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੀਰਵਾਰ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਇਸਾਈ ਭਾਈਚਾਰੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਨਵਰ ਭਸੌੜ ਨੇ ਕਬਰਸਤਾਨ ਵਿਚ ਲਾਸ਼ ਦਫ਼ਨ ਕਰਨ ਦੀ ਸਲਾਹ ਦਿੱਤੀ, ਪਰ ਇਸਾਈ ਭਾਈਚਾਰੇ ਨੇ ਇਸਾਈਆਂ ਲਈ ਵੱਖਰੀ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੁਹੱਲਾ ਜਗਤਪੁਰਾ ਦੇ ਨੇੜੇ ਮੌਜੂਦ ਖਾਲੀ ਜ਼ਮੀਨ ’ਤੇ ਮ੍ਰਿਤਕ ਪਾਸਟਰ ਦੀ ਲਾਸ਼ ਦਫ਼ਨ ਕਰਨ ਦਾ ਸੁਝਾਅ ਦਿੱਤਾ, ਜਿਸਨੂੰ ਇਸਾਈ ਭਾਈਚਾਰੇ ਨੇ ਸਵੀਕਾਰ ਕਰ ਲਿਆ ਅਤੇ ਇੱਥੇ ਲਾਸ਼ ਦਫ਼ਨ ਕਰ ਦਿੱਤੀ। ਪਰ ਜਿਵੇਂ ਹੀ ਇਸ ਦੀ ਜਾਣਕਾਰੀ ਜਗਤਪੁਰਾ ਮੁਹੱਲਾ ਨਿਵਾਸੀਆਂ ਨੂੰ ਮਿਲੀ, ਉਨ੍ਹਾਂ ਨੇ ਇਸ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਇੱਥੇ ਕਬਰਸਤਾਨ ਨਹੀਂ ਬਣਨ ਦੇਣਗੇ। ਪ੍ਰਸ਼ਾਸਨ ਇਸਾਈ ਭਾਈਚਾਰੇ ਲਈ ਕੋਈ ਹੋਰ ਥਾਂ ਅਲਾਟ ਕਰੇ ਅਤੇ ਉੱਥੇ ਲਾਸ਼ ਦਫ਼ਨ ਕਰਵਾਏ। ਉਨ੍ਹਾਂ ਤੁਰੰਤ ਲਾਸ਼ ਨੂੰ ਇੱਥੋਂ ਕੱਢਣ ਦੀ ਮੰਗ ਕੀਤੀ। ਮੌਕੇ ’ਤੇ ਮੌਜੂਦ ਨਾਇਬ ਤਹਿਸੀਲਦਾਰ ਅਮਿਤ ਕੁਮਾਰ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਅਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵੇਰ ਤੱਕ ਦਾ ਸਮਾਂ ਮੰਗਿਆ ਗਿਆ ਹੈ, ਪਰ ਪ੍ਰਦਰਸ਼ਨਕਾਰੀ ਆਪਣੀ ਜ਼ਿੱਦ ’ਤੇ ਅੜੇ ਹੋਏ ਸਨ।