Patiala News : ਮੁਰਾਦਪੁਰ ਪੈਟਰੋਲ ਪੰਪ ਲੁੱਟ ਮਾਮਲੇ 'ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਪੰਪ ਕਰਿੰਦਿਆਂ ਨੇ ਦੋਸਤਾਂ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਪਿੰਡ ਮੁਰਾਦਪੁਰਾ ਵਿਖੇ ਪੈਟਰੋਲ ਪੰਪ ’ਤੇ ਲੁੱਟ ਮਾਮਲੇ ਵਿਚ ਪੁਲਿਸ ਨੇ ਪੰਪ ਦੇ ਤਿੰਨ ਵਰਕਰਾਂ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਇਨ੍ਹਾਂ ਦੇ ਇਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।
Publish Date: Mon, 16 Sep 2024 05:38 PM (IST)
Updated Date: Mon, 16 Sep 2024 05:45 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਿੰਡ ਮੁਰਾਦਪੁਰਾ ਵਿਖੇ ਪੈਟਰੋਲ ਪੰਪ ’ਤੇ ਲੁੱਟ ਮਾਮਲੇ ਵਿਚ ਪੁਲਿਸ ਨੇ ਪੰਪ ਦੇ ਤਿੰਨ ਵਰਕਰਾਂ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਇਨ੍ਹਾਂ ਦੇ ਇਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਵਰਕਰਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੀਆਈਏ ਸਟਾਫ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਬਹਾਦਰਗੜ੍ਹ ਚੌਂਕੀ ਮੁਖੀ ਜੈਦੀਪ ਸ਼ਰਮਾ ਨੇ ਦੀਆਂ ਟੀਮਾਂ ਨੇ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਕਰਨ ਵਾਸੀ ਪਿੰਡ ਪਬਰੀ ਜਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਮੋਨੂੰ ਵਾਸੀ ਪੰਜਾਬ ਇਨਕਲੇਵ ਕਲੋਨੀ ਭੋਗਲਾ ਰੋਡ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਦਾ ਇਕ ਸਾਥੀ ਸਾਹਿਬ ਸਿੰਘ ਵਾਸੀ ਪਿੰਡ ਪਬਰੀ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਅਤੇ ਕ੍ਰਿਪਾਨ ਵੀ ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਰਾਜਪੁਰਾ ਰੋਡ ਪਿੰਡ ਮੁਰਾਦਪੁਰਾ ਵਿਖੇ ਸਵਰਨ ਸਿੰਘ ਆਇਲ ਪੈਟਰੋਲ ਪੰਪ ’ਤੇ ਚਾਰ ਸਤੰਬਰ ਰਾਤ ਸਮੇਂ ਦੋ ਅਣਪਛਾਤੇ ਵਿਅਕਤੀ ਬਿਨਾ ਨੰਬਰੀ ਮੋਟਰਸਾਇਕਲ ’ਤੇ ਸਵਾਰ ਹੋ ਕੇ ਤੇਲ ਪੁਆਉਣ ਲਈ ਆਏ। ਜਦੋਂ ਪੰਪ ਦੇ ਵਰਕਰ ਸਿਮਰਨਜੀਤ ਸਿੰਘ ਮਸ਼ੀਨ ਨਾਲ ਤੇਲ ਪਾਉਣ ਲੱਗਾ ਤਾਂ ਇਸੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਕ੍ਰਿਪਾਨ ਕੱਢਕੇ ਸਿਮਰਨਜੀਤ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਕਮੀਜ਼ ਦੀ ਜੇਬ ਵਿੱਚੋਂ 33 ਹਜਾਰ ਰੂਪੈ ਖੋਹਕੇ ਫਰਾਰ ਹੋ ਗਏ। ਇਹ ਵਾਰਦਾਤ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋਈ।
ਸੀਆਈਏ ਟੀਮ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਂਚ ਕਰਦਿਆਂ ਪੰਪ ਦੇ ਤਿੰਨ ਵਰਕਰਾਂ ਮਨਪ੍ਰੀਤ ਸਿੰਘ ਮਨੀ, ਸਿਮਰਨਜੀਤ ਸਿੰਘ ਸਿੰਮੂ, ਸੰਦੀਪ ਸਿੰਘ ਉਰਫ ਸੋਨੂੰ ਤੇ ਇਨਾ ਦੇ ਇਕ ਦੋਸਤ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਸਾਹਿਬ ਸਿੰਘ ਨਾਮੀ ਵਿਅਕਤੀ ਦੀ ਵੀ ਇਸ ਵਾਰਦਾਤ ਵਿਚ ਸਮੂਲੀਅਤ ਸਾਹਮਣੇ ਆਈ ਹੈ।