Patiala News : ਪੁਲਿਸ ਰੇਡ ਦੌਰਾਨ ਮੁਲਜ਼ਮ ਛਾਲ ਮਾਰ ਕੇ ਫ਼ਰਾਰ, 15 ਖਿ਼ਲਾਫ਼ ਮਾਮਲਾ ਦਰਜ
ਤੜਕਸਾਰ ਸਿਟੀ ਪੁਲਿਸ ਨੇ ਭਾਰੀ ਪੁਲਿਸ ਫੋਰਸ ਨਾਲ ਪਿੰਡ ਮਿਆਲਕਲਾਂ ਵਿਖੇ ਡੇਰਿਆਂ ਦੇ ਇਕ ਘਰ ਵਿਚ ਮੁਲਜ਼ਮ ਨੂੰ ਫੜਣ ਲਈ ਛਾਪਾਮਾਰੀ ਕੀਤੀ। ਇਸ ਦੌਰਾਨ ਮੁਲਜ਼ਮ ਚੁਬਾਰੇ ਤੋਂ ਛਾਲ ਮਾਰਨ ਤੇ ਜ਼ਖ਼ਮੀ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਗੱਡੀ ਰਾਹੀਂ ਫ਼ਰਾਰ ਹੋ ਗਿਆ।
Publish Date: Wed, 03 Dec 2025 07:11 PM (IST)
Updated Date: Wed, 03 Dec 2025 07:25 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਤੜਕਸਾਰ ਸਿਟੀ ਪੁਲਿਸ ਨੇ ਭਾਰੀ ਪੁਲਿਸ ਫੋਰਸ ਨਾਲ ਪਿੰਡ ਮਿਆਲਕਲਾਂ ਵਿਖੇ ਡੇਰਿਆਂ ਦੇ ਇਕ ਘਰ ਵਿਚ ਮੁਲਜ਼ਮ ਨੂੰ ਫੜਣ ਲਈ ਛਾਪਾਮਾਰੀ ਕੀਤੀ। ਇਸ ਦੌਰਾਨ ਮੁਲਜ਼ਮ ਚੁਬਾਰੇ ਤੋਂ ਛਾਲ ਮਾਰਨ ਤੇ ਜ਼ਖ਼ਮੀ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਗੱਡੀ ਰਾਹੀਂ ਫ਼ਰਾਰ ਹੋ ਗਿਆ। ਪੁਲਿਸ ਨੇ ਡਿਊਟੀ ਵਿਚ ਵਿਘਣ ਪਾਉਣ ਦੇ ਦੋਸ਼ ਹੇਠ ਕਰੀਬ 15 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਡੇਰੇ ’ਚ ਰਹਿੰਦੇ ਸਰਵਨ ਸਿੰਘ ਨੇ ਦੱਸਿਆ ਕਿ ਉਹ ਜਦੋਂ ਕਰੀਬ 4 ਵਜੇ ਉਠੇ ਤਾਂ ਉਨ੍ਹਾਂ ਦੇ ਡੇਰਿਆਂ ਦੁਆਲੇ ਗੁਰਭੇਜ ਸਿੰਘ ਨੂੰ ਫੜਣ ਲਈ ਕਾਫੀ ਤਾਦਾਦ ’ਚ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਵੱਲੋਂ ਦਰਵਾਜਾ ਖੋਲ੍ਹਣ ਤੇ ਜਦੋਂ ਪੁਲਿਸ ਘਰ ਅੰਦਰ ਦਾਖਲ ਹੋਈ ਤਾਂ ਉਹ ਪੌੜੀਆਂ ਰਾਹੀ ਚੁਬਾਰੇ ਦੀ ਛੱਤ ’ਤੇ ਚੜ੍ਹ ਕੇ ਹੇਠਾਂ ਡਿੱਗ ਪਿਆ। ਜਦੋਂ ਸੱਟਾਂ ਲੱਗਣ ’ਤੇ ਰੌਲ਼ਾ ਪਾਉਣ ਲੱਗਾ ਤਾਂ ਇਕੱਠੇ ਹੋਏ ਲੋਕ ਉਸ ਨੂੰ ਇਕ ਕਾਰ ਰਾਹੀਂ ਹਸਪਤਾਲ ਇਲਾਜ ਕਰਵਾਉਣ ਦੇ ਬਹਾਨੇ ਫ਼ਰਾਰ ਹੋ ਗਏ।
ਹਲਕਾ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਜਗਮੀਤ ਸਿੰਘ ਹਰਿਆਊ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰਭੇਜ ਸਿੰਘ ਖਿ਼ਲਾਫ਼ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ। ਜਦੋਂ ਅਸੀਂ ਗੁਰਭੇਜ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਤਾਂ ਪੁਲਿਸ ਨੇ ਅਗਲੇ ਦਿਨ ਹੀ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਸਰਕਾਰ ਦੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਦਿਖ ਰਹੀ ਹਾਰ ਦਾ ਨਤੀਜਾ ਦੱਸਿਆ।
ਇਸ ਸਬੰਧੀ ਡੀਐੱਸਪੀ ਗੁਰਬੀਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਨੇ ਪਹਿਲਾਂ ਤੋਂ ਹੀ ਦਰਜ ਮੁਕੱਦਮਿਆਂ ਦੇ ਸਬੰਧੀ ਰੇਡ ਕੀਤੀ ਸੀ,ਪਰ ਉਹ ਮੌਕੇ ਤੋਂ ਭੱਜ ਗਿਆ। ਜਦੋਂ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਹਿਰਾਸਤ ਵਿੱਚ ਹੋਣ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਸਭ ਬੇਬੁਨਿਆਦ ਹੈ। ਉਹਨਾਂ ਇਹ ਵੀ ਦੱਸਿਆ ਕਿ ਡਿਊਟੀ ਵਿੱਚ ਵਿਘਨ ਪਾਉਣ ਵਾਲੇ 15 ਲੋਕਾ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।