ਜਾਣਕਾਰੀ ਅਨੁਸਾਰ, ਪੰਜਾਬੀ ਯੂਨੀਵਰਸਿਟੀ ਨਾਲ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ 12 ਲੱਖ ਤੋਂ ਵੱਧ ਵਿਦਿਆਰਥੀ ਜੁੜੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਡੀਐੱਮਸੀ ਪੰਜਾਬੀ ਯੂਨੀਵਰਸਿਟੀ ਵਲੋਂ ਜਾਰੀ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਯੂਨੀਵਰਸਿਟੀ ਕੋਲ ਕਾਗਜ਼ ਖਤਮ ਹੋਣ ਕਰਕੇ ਵੱਡੀ ਗਿਣਤੀ ਵਿਦਿਆਰਥੀ ਆਪਣਾ ਡੀਐੱਮਸੀ ਲੈਣ ਤੋਂ ਵਾਂਝੇ ਰਹਿ ਰਹੇ ਹਨ।
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬੀ ਯੂਨੀਵਰਸਿਟੀ (Punjabi University Patiala)ਕੋਲ ਕਾਗਜ਼ ਮੁੱਕ ਗਏ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਡਿਟੇਲ ਮਾਰਕਸ ਕਾਰਡ (ਡੀਐੱਮਸੀ) ਨਹੀਂ ਮਿਲ ਰਹੇ। ਦੂਰ ਦੁਰਾਡੇ ਤੋਂ ਯੂਨੀਵਰਸਿਟੀ ਵਿਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਡੀਐੱਮਸੀ ਲੈਣ ਪੁੱਜਦੇ ਹਨ, ਪਰ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪੈ ਰਿਹਾ ਹੈ। ਇਹ ਸਮੱਸਿਆ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੱਲ ਰਹੀ ਹੈ। ਸਮੱਸਿਆ ਤੋਂ ਜਾਣੂ ਹੋਣ ਦੇ ਬਾਵਜੂਦ ਅਥਾਰਟੀ ਵਲੋਂ ਇਸਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਪੰਜਾਬੀ ਯੂਨੀਵਰਸਿਟੀ ਨਾਲ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ 12 ਲੱਖ ਤੋਂ ਵੱਧ ਵਿਦਿਆਰਥੀ ਜੁੜੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਡੀਐੱਮਸੀ ਪੰਜਾਬੀ ਯੂਨੀਵਰਸਿਟੀ ਵਲੋਂ ਜਾਰੀ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿਚ ਯੂਨੀਵਰਸਿਟੀ ਕੋਲ ਕਾਗਜ਼ ਖਤਮ ਹੋਣ ਕਰਕੇ ਵੱਡੀ ਗਿਣਤੀ ਵਿਦਿਆਰਥੀ ਆਪਣਾ ਡੀਐੱਮਸੀ ਲੈਣ ਤੋਂ ਵਾਂਝੇ ਰਹਿ ਰਹੇ ਹਨ। ਪ੍ਰੀਖਿਆ ਸ਼ਾਖਾ ਵਿਚ ਰੋਜ਼ਾਨਾ 50 ਤੋਂ ਵੱਧ ਵਿਦਿਆਰਥੀ ਆਪਣਾ ਡੀਐੱਮਸੀ ਲੈਣ ਲਈ ਤਾਂ ਪੁੱਜਦੇ ਹਨ ਪਰ ਕਾਗਜ਼ ਨਾ ਹੋਣ ਕਰਕੇ ਖਾਲੀ ਹੱਥ ਪਰਤ ਰਹੇ ਹਨ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਤੋਂ ਪੀਜੀ ਡਿਪਲੋਮਾ ਕਰ ਚੁੱਕੇ ਵਿਦਿਆਰਥੀ ਨੇ ਦੱਸਿਆ ਕਿ ਪਹਿਲਾਂ ਨਤੀਜੇ ਵਿਚ ਵੱਖ-ਵੱਖ ਤਰ੍ਹਾਂ ਦੇ ਇਤਰਾਜ਼ ਲੱਗਦੇ ਰਹੇ, ਇਨ੍ਹਾਂ ਸਾਰੇ ਇਤਰਾਜ਼ਾਂ ਨੂੰ ਦੂਰ ਕਰਵਾਉਣ ਤੋਂ ਸਾਲ ਬਾਅਦ ਡੀਐੱਮਸੀ ਲੈਣ ਦੀ ਵਾਰੀ ਆਈ ਹੈ ਤਾਂ ਹੁਣ ਇਹ ਵੀ ਨਹੀਂ ਮਿਲ ਰਿਹਾ ਹੈ। ਵਿਦਿਆਰਥੀਆਂ ਅਨੁਸਾਰ ਜਦੋਂ ਸਬੰਧਤ ਵਿਭਾਗ ਤੋਂ ਪੁੱਛਿਆ ਗਿਆ ਤਾਂ ਕਾਗਜ਼ ਨਾ ਹੋਣ ਦਾ ਕਹਿ ਡੀਐੱਮਸੀ ਫੇਰ ਕਦੇ ਲੈ ਜਾਣ ਨੂੰ ਕਿਹਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਬੀਐੱਡ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਲੈਂਡ ਲਾਈਨ ਨੰਬਰ ’ਤੇ ਕੋਈ ਗੱਲ ਨਹੀਂ ਕਰਦਾ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਕਿਸੇ ਕਰਮਚਾਰੀ ਦਾ ਨਿੱਜੀ ਨੰਬਰ ਮਿਲਿਆ। ਜਦੋਂ ਨਿੱਜੀ ਨੰਬਰ ’ਤੇ ਗੱਲ ਕੀਤੀ ਤਾਂ ਕਰਮਚਾਰੀ ਨੇ ਕਾਗਜ਼ ਆਉਣ ਸੰਬੰਧੀ ਕੋਈ ਪੁਖਤਾ ਜਾਣਕਾਰੀ ਨਾ ਹੋਣ ਦੀ ਗੱਲ ਕਹਿੰਦਿਆਂ ਇੰਤਜ਼ਾਰ ਕਰਨ ਦਾ ਮਸ਼ਵਰਾ ਦਿੱਤਾ ਹੈ।
ਪੰਜਾਬੀ ਯੂਨੀਵਰਸਿਟੀ ਕੰਟਰੋਲਰ ਪ੍ਰੀਖਿਆਵਾਂ ਨੀਰਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਕਾਗਜ਼ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਸਮੱਸਿਆ ਨਾ ਆਵੇ ਇਸ ਲਈ ’ਵਰਸਿਟੀ ਦੀ ਵੈਬੱਸਾਈਟ ਤੋਂ ਡੀਐੱਮਸੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਬਾਰੇ ਸਮੂਹ ਕਾਲਜਾਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਿਆ ਹੈ, ਪਰ ਫਿਰ ਵੀ ਜਾਣਕਾਰੀ ਦੀ ਘਾਟ ਕਰਕੇ ਵਿਦਿਆਰਥੀ ਡੀਐੱਮਸੀ ਲੈਣ ਲਈ ਯੂਨੀਵਰਸਿਟੀ ਪੁੱਜ ਰਹੇ ਹਨ। ਨੀਰਜ ਸ਼ਰਮਾ ਦਾ ਕਹਿਣਾ ਹੈ ਕਿ ਲੋੜ ਪੈਣ ’ਤੇ ਡਾਊਨ ਲੋਡ ਕੀਤੀ ਗਈ ਡੀਐੱਮਸੀ ’ਵਰਸਿਟੀ ਤੋਂ ਅਟੈਸਟਡ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਾਗਜ਼ ਖ੍ਰੀਦਣ ਲਈ ਈ ਟੈਂਡਰਿੰਗ ਹੋ ਗਈ ਹੈ। ਕਾਗਜ਼ ਆਉਣ ਵਿਚ ਕਰੀਬ ਇਕ ਮਹੀਨਾ ਹੋਰ ਲੱਗ ਸਕਦਾ ਹੈ।