ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਆਪਣੇ 5 ਸਾਲਾਂ ਦੇ ਵਾਅਦੇ ਮਹਿਜ਼ 4 ਸਾਲਾਂ ਵਿੱਚ ਪੂਰੇ ਕਰਕੇ ਲੋਕ ਹਿੱਤਾਂ 'ਤੇ ਪਹਿਰਾ ਦੇ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਔਰਤਾਂ ਲਈ ਕੀਤੇ 1000 ਰੁਪਏ ਦੇ ਵਾਅਦੇ ਦੀ ਥਾਂ ਸਰਕਾਰ ਹੁਣ 1500 ਰੁਪਏ ਦੇਣ ਜਾ ਰਹੀ ਹੈ, ਪਰ ਵਿਰੋਧੀ ਪਾਰਟੀਆਂ ਇਸ ਵਿੱਚ ਵੀ ਨੁਕਸ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੀਆਂ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਉਪਰੰਤ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਆਪਣੇ 5 ਸਾਲਾਂ ਦੇ ਵਾਅਦੇ ਮਹਿਜ਼ 4 ਸਾਲਾਂ ਵਿੱਚ ਪੂਰੇ ਕਰਕੇ ਲੋਕ ਹਿੱਤਾਂ 'ਤੇ ਪਹਿਰਾ ਦੇ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਔਰਤਾਂ ਲਈ ਕੀਤੇ 1000 ਰੁਪਏ ਦੇ ਵਾਅਦੇ ਦੀ ਥਾਂ ਸਰਕਾਰ ਹੁਣ 1500 ਰੁਪਏ ਦੇਣ ਜਾ ਰਹੀ ਹੈ, ਪਰ ਵਿਰੋਧੀ ਪਾਰਟੀਆਂ ਇਸ ਵਿੱਚ ਵੀ ਨੁਕਸ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸੁਖਬੀਰ ਬਾਦਲ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀ ਦਲ ਅਜੇ ਵੀ ਪਰਿਵਾਰਵਾਦ ਤੋਂ ਬਾਹਰ ਨਹੀਂ ਆ ਸਕਿਆ। ਉਨ੍ਹਾਂ ਕਿਹਾ, "ਅਸੀਂ ਵਰਕਰਾਂ ਦਾ ਸਤਿਕਾਰ ਕਰਦੇ ਹਾਂ, ਪਰ ਕਾਂਗਰਸ ਅਤੇ ਅਕਾਲੀ ਲੀਡਰਾਂ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਦੀ ਨਿਖੇਧੀ ਕਰਦੇ ਹਾਂ।" ਉਨ੍ਹਾਂ ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ' ਦੌਰਾਨ ਬਿਜਲੀ ਚੋਰੀ (ਕੁੰਡੀ) ਫੜੇ ਜਾਣ 'ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਹੜੇ ਪਹਿਲਾਂ ਰੇਤਾ ਅਤੇ ਬੱਸਾਂ ਵਿੱਚ ਕੁੰਡੀਆਂ ਲਾਉਂਦੇ ਸਨ, ਉਹ ਹੁਣ ਬਿਜਲੀ ਚੋਰੀ ਕਰਦੇ ਫੜੇ ਗਏ ਹਨ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਨੇ ਪਛਵਾੜਾ ਕੋਲਾ ਖਾਣ ਚਲਾ ਕੇ ਬਿਜਲੀ ਮਹਿਕਮੇ ਨੂੰ ਮੁਨਾਫ਼ੇ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਕੁੰਡੀਆਂ ਲਾਉਣ ਦੀ ਲੋੜ ਹੀ ਨਾ ਪਵੇ।
ਬੇਅਦਬੀ ਮਾਮਲਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੋਸ਼ੀ ਹੁਣ ਖੁਦ ਗੁਨਾਹ ਕਬੂਲ ਰਹੇ ਹਨ ਅਤੇ ਅਜਿਹੇ ਲੋਕਾਂ ਦਾ ਜਨਤਕ ਬਾਈਕਾਟ ਹੋਣਾ ਚਾਹੀਦਾ ਹੈ। ਦੂਜੇ ਪਾਸੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉੱਥੇ ਸਟੇਜ 'ਤੇ ਆਗੂ ਜ਼ਿਆਦਾ ਹੁੰਦੇ ਹਨ ਅਤੇ ਸਾਹਮਣੇ ਭੀੜ ਘੱਟ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਘਰਾਂ ਦੇ ਵਿਧਾਇਕਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜਨਤਾ ਜਲਦ ਸਬਕ ਸਿਖਾਏਗੀ।