ਬਰਸਾਤ ਕਰ ਕੇ ਆਲੂ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ
ਬਰਸਾਤ ਕਰਕੇ ਆਲੂ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ
Publish Date: Sat, 31 Jan 2026 04:59 PM (IST)
Updated Date: Sat, 31 Jan 2026 05:01 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਿਛਲੇ ਦਿਨੀਂ ਇਲਾਕੇ ਵਿੱਚ ਹੋਈ ਬੇਮੌਸਮੀ ਅਤੇ ਭਾਰੀ ਬਰਸਾਤ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਖੇਤੀਬਾੜੀ ਖੇਤਰ ਨੂੰ ਡੂੰਘੀ ਸੱਟ ਮਾਰੀ ਹੈ। ਖ਼ਾਸ ਕਰ ਕੇ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਬਰਸਾਤ ‘ਕਹਿਰ’ ਬਣ ਕੇ ਵਰ੍ਹੀ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਜਲਦ ਤੋਂ ਜਲਦ ਕਰਵਾਈ ਜਾਵੇ। ਪੀੜਤ ਕਿਸਾਨ ਨੂੰ ਉਚਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਅਤੇ ਠੇਕੇ ਦੀ ਰਕਮ ਦਾ ਭੁਗਤਾਨ ਕਰ ਸਕੇ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਲੂ ਦੀ ਫ਼ਸਲ ਵਿੱਚ ਝੁਲਸ ਰੋਗ ਅਤੇ ਜੜ੍ਹਾਂ ਦੇ ਗਲਣ ਦੀ ਸਮੱਸਿਆ ਵਧੇਰੇ ਦੇਖੀ ਜਾ ਰਹੀ ਹੈ। ਜੇਕਰ ਸਰਕਾਰ ਵੱਲੋਂ ਸਮੇਂ ਸਿਰ ਮਦਦ ਨਾ ਮਿਲੀ ਤਾਂ ਕਿਸਾਨ ਅਗਲੀ ਫ਼ਸਲ ਬੀਜਣ ਦੇ ਸਮਰੱਥ ਵੀ ਨਹੀਂ ਰਹਿਣਗੇ। ਪਿੰਡ ਮਾਜਰੀ ਅਕਾਲੀਆਂ ਦੇ ਰਹਿਣ ਵਾਲੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕੁੱਲ 8 ਏਕੜ ਜ਼ਮੀਨ ਵਿੱਚ ਆਲੂ ਦੀ ਖੇਤੀ ਕਰ ਰਿਹਾ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਹ ਸਾਰੀ ਜ਼ਮੀਨ ਉਸ ਨੇ ਠੇਕੇ (ਲੀਜ਼) ਤੇ ਲਈ ਹੋਈ ਹੈ। ਲਗਾਤਾਰ ਹੋਈ ਬਾਰਿਸ਼ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਉਸ ਦੀ 6 ਏਕੜ ਆਲੂ ਦੀ ਫ਼ਸਲ ਪੂਰੀ ਤਰ੍ਹਾਂ ਗਲ ਕੇ ਬਰਬਾਦ ਹੋ ਚੁੱਕੀ ਹੈ। ਕਿਸਾਨ ਅਨੁਸਾਰ ਆਲੂ ਦੀ ਫ਼ਸਲ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਜ਼ਿਆਦਾ ਦੇਰ ਖੇਤ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਬੂਟੇ ਅਤੇ ਜੜ੍ਹਾਂ ਗਲ ਜਾਂਦੀਆਂ ਹਨ। ਹਰਜਿੰਦਰ ਸਿੰਘ ਵਰਗੇ ਛੋਟੇ ਕਿਸਾਨਾਂ ਲਈ, ਜਿਨ੍ਹਾਂ ਨੇ ਮਹਿੰਗੇ ਭਾਅ ਤੇ ਜ਼ਮੀਨ ਠੇਕੇ ਤੇ ਲਈ ਹੁੰਦੀ ਹੈ, ਅਜਿਹਾ ਨੁਕਸਾਨ ਆਰਥਿਕ ਤੌਰ ਤੇ ਲੱਕ ਤੋੜਨ ਵਾਲਾ ਸਾਬਤ ਹੁੰਦਾ ਹੈ। ਪੀੜਤ ਕਿਸਾਨ ਨੇ ਮੁੱਖ ਬਾਗਬਾਨੀ ਅਫ਼ਸਰ ਨੂੰ ਲਿਖਤੀ ਬੇਨਤੀ ਕਰਦਿਆਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ ਉਸ ਦੇ ਖੇਤਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾਵੇ।