ਸੰਘਰਸ਼ ਦੀ ਜਿੱਤ : 13 ਸਾਲ ਬਾਅਦ ਮਾਸਟਰ ਦੀਆਂ ਸੇਵਾਵਾਂ ਹੋਈਆਂ ਰੈਗੂਲਰ
ਸੰਘਰਸ਼ ਦੀ ਜਿੱਤ : 13 ਸਾਲ ਦੇ ਵਣਵਾਸ ਤੋਂ ਬਾਅਦ ਮਿਲਿਆ ਹੱਕ
Publish Date: Sat, 24 Jan 2026 06:25 PM (IST)
Updated Date: Sat, 24 Jan 2026 06:28 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਡਾ. ਰਵਿੰਦਰ ਕੰਬੋਜ, ਹਿੰਦੀ ਮਾਸਟਰ ਨੂੰ 11 ਸਾਲ ਪਹਿਲਾਂ ਟਰਮੀਨੇਸ਼ਨ ਆਰਡਰ ਜਾਰੀ ਕੀਤੇ ਗਏ ਸਨ । ਸਾਲ 2015 ਤੋਂ ਹੁਣ ਤਕ ਲੰਬੀ ਕਾਨੂੰਨੀ ਲੜਾਈ ਦੇ ਨਾਲ-ਨਾਲ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਅਗਵਾਈ ਵਿੱਚ ਕੀਤੇ ਲਗਾਤਾਰ ਸੰਘਰਸ਼ ਅਤੇ ਮਾਮਲੇ ਦੀ ਡੀਪੀਆਈ ਤੋਂ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਤਕ ਕੀਤੀ ਠੋਸ ਪੈਰਵਾਈ ਸਦਕਾ ਸਿੱਖਿਆ ਵਿਭਾਗ ਨੇ ਟਰਮੀਨੇਸ਼ਨ ਰੱਦ ਕਰਦੇ ਹੋਏ ਸੇਵਾਵਾਂ ਰੈਗੂਲਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਡੀਐੱਸਈ (ਸੈਕੰਡਰੀ) ਗੁਰਿੰਦਰ ਸਿੰਘ ਸੋਢੀ ਵੱਲੋਂ ਉਨ੍ਹਾਂ ਨੂੰ 3442 ਮਾਸਟਰ ਕਾਡਰ ਅਸਾਮੀਆਂ ਉੱਪਰ ਨਿਯੁਕਤ ਬਾਕੀ ਅਧਿਆਪਕਾਂ ਵਾਂਗ 15 ਜਨਵਰੀ 2016 ਤੋਂ ਰੈਗੂਲਰ ਕਰਦੇ ਹੋਏ 14 ਫਰਵਰੀ 2016 ਤੋਂ ਪੂਰੇ ਤਨਖਾਹ ਸਕੇਲ ਅਤੇ ਬਣਦੇ ਬਕਾਏ ਦੇਣ ਦੇ ਹੁਕਮ ਵੀ ਕਰ ਦਿੱਤੇ ਗਏ ਹਨ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਵਿਭਾਗੀ ਹੁਕਮ ਪ੍ਰਾਪਤ ਹੋਣ ਉਪਰੰਤ ਸਕੂਲ ਆਫ ਐਮੀਨੈਂਸ ਬਲਬੇੜਾ ਦੇ ਪ੍ਰਿੰਸੀਪਲ ਵਿਕਰਮਜੀਤ ਵੱਲੋਂ ਰੈਗੂਲਰ ਹਾਜ਼ਰੀ ਦੀ ਪ੍ਰਵਾਨਗੀ ਤੋਂ ਬਾਅਦ ਡਾ. ਰਵਿੰਦਰ ਕੰਬੋਜ ਨੂੰ ਉਨ੍ਹਾਂ ਦੀ ਕਰਮ ਭੂਮੀ, ਸਰਕਾਰੀ ਮਿਡਲ ਸਕੂਲ, ਕਰਤਾਰਪੁਰ ਚਰਾਸੋਂ ਵਿਖੇ ਰੈਗੂਲਰ ਤੌਰ ’ਤੇ ਹਾਜ਼ਰ ਕਰਵਾਇਆ ਗਿਆ। ਜਿੱਥੇ ਉਹ ਪਿਛਲੇ 13 ਸਾਲ ਤੋਂ ਪੂਰੀ ਮਿਹਨਤ ਨਾਲ ਇੱਕ ਕੱਚੇ ਅਧਿਆਪਕ ਦੇ ਤੌਰ ’ਤੇ ਪੜ੍ਹਾਉੰਦੇ ਆ ਰਹੇ ਹਨ। ਉਨ੍ਹਾਂ ਦੀ ਰੈਗੂਲਰ ਜੁਆਇਨਿੰਗ ਸਮੇਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਅਧਿਆਪਕ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਸਕੱਤਰ ਜਸਪਾਲ ਚੌਧਰੀ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਜ਼ਿਲ੍ਹਾ ਪ੍ਰਧਾਨ ਗੁਰਜੀਤ ਘੱਗਾ, ਸਕੱਤਰ ਹਰਿੰਦਰ ਸਿੰਘ ਪਟਿਆਲਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਘੱਗਾ, ਡੀਟੀਐੱਫ ਤਹਿਸੀਲ ਪਟਿਆਲਾ ਦੇ ਪ੍ਰਧਾਨ ਜਗਜੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਮਨਦੀਪ ਕੌਰ, ਨਰਿੰਦਰ ਸਿੰਘ, ਡਾ. ਰਵਿੰਦਰ ਕੰਬੋਜ ਦੀ ਧਰਮ ਪਤਨੀ ਸਤਵੰਤ ਕੌਰ, ਪੁੱਤਰ ਅਨਹਦ ਕੰਬੋਜ, ਪਰਿਵਾਰਿਕ ਮੈਂਬਰ ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਕਮਲਪ੍ਰੀਤ ਕੌਰ ਤੂਰ ਆਦਿ ਹਾਜ਼ਰ ਸਨ। ਪੀਐੱਚਡੀ ਹੋਲਡਰ ਅਧਿਕਆਪਕ ਨਿਗੁਣੀ ਤਨਖਾਹ ’ਤੇ ਨੌਕਰੀ ਕਰਨ ਲਈ ਸੀ ਮਜਬੂਰ : ਜ਼ਿਕਰਯੋਗ ਹੈ ਕਿ ਪਟਿਆਲੇ ਜ਼ਿਲ੍ਹੇ ਵਿੱਚ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਅਧਿਆਪਕ ਡਾ. ਰਵਿੰਦਰ ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ, ਐੱਮਫਿਲ, ਪੀਐੱਚਡੀ ਅਤੇ ਨੈੱਟ ਪਾਸ ਹਨ, ਭਾਵੇਂ ਕਿ ਇਹ ਯੋਗਤਾਵਾਂ ਇੱਕ ਪ੍ਰੋਫੈਸਰ ਵਾਲੀਆਂ ਹਨ, ਪਰ ਪੰਜਾਬ ਦਾ ਪਹਿਲਾ ਅਧਿਆਪਕ ਯੋਗਤਾ ਟੈਸਟ ਪਾਸ ਅਤੇ ਵਿਭਾਗ ਦੀਆਂ 3442 ਅਸਾਮੀਆਂ ਦੇ ਨਿਯੁਕਤੀ ਪੱਤਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਹਾਲੇ ਤਕ ਰੈਗੂਲਰ ਨਹੀਂ ਹੋ ਸਕੇ ਅਤੇ ਪਿਛਲੇ 13 ਸਾਲਾਂ ਬਾਅਦ 10,300 ਤਨਖਾਹ ਹੀ ਲੈ ਰਹੇ ਸਨ। ਉਨ੍ਹਾਂ ਦੀ ਉਚੇਰੀ ਸਿੱਖਿਆ ਸਬੰਧਿਤ ਵਿਸ਼ੇ ਦੀ ਨਾ ਹੋਣ ਦਾ ਇਤਰਾਜ਼ ਲਗਾ ਕੇ ਉਨ੍ਹਾਂ ਦੀ ਰੈਗੂਲਰਾਈਜੇਸ਼ਨ ਰੋਕ ਕੇ ਟਰਮੀਨੇਸ਼ਨ ਕਰ ਦਿੱਤੀ ਗਈ ਸੀ, ਜਦਕਿ ਬਾਕੀ ਸਾਮਾਨ ਮਾਮਲੇ ਵਾਲੇ ਅਧਿਆਪਕ ਰੈਗੂਲਰ ਕਰ ਦਿੱਤੇ ਗਏ ਸਨ, ਜਿਸ ਨੂੰ ਉਦੋਂ ਤੋਂ ਹੁਣ ਤਕ ਚੱਲੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰ ਵਾਪਸ ਲੈ ਲਿਆ ਗਿਆ ਹੈ।