'ਪੰਜਾਬੀ ਨਾਵਲ ’ਚ ਸੈਨਿਕ ਜੀਵਨ ਦੀ ਪੇਸ਼ਕਾਰੀ' ’ਤੇ ਅਧਿਐਨ
'ਪੰਜਾਬੀ ਨਾਵਲ ਵਿਚ ਸੈਨਿਕ ਜੀਵਨ ਦੀ ਪੇਸ਼ਕਾਰੀ' ਬਾਰੇ ਹੋਇਆ ਅਧਿਐਨ
Publish Date: Sun, 18 Jan 2026 06:32 PM (IST)
Updated Date: Mon, 19 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬੀ ਨਾਵਲ ਵਿਚ ਸੈਨਿਕ ਜੀਵਨ ਦੀ ਪੇਸ਼ਕਾਰੀ ਬਾਰੇ ਅਧਿਐਨ ਕੀਤਾ ਗਿਆ ਹੈ। ਖੋਜਾਰਥੀ ਡਾ. ਕਿਰਨਦੀਪ ਕੌਰ ਵੱਲੋਂ ਨਿਗਰਾਨ ਡਾ. ਤਾਰਾ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਇਸ ਖੋਜ-ਕਾਰਜ ਰਾਹੀਂ ਸੈਨਿਕ ਜੀਵਨ ਨਾਲ਼ ਸਬੰਧਤ ਪੰਜਾਬੀ ਨਾਵਲਾਂ ਦੀ ਚੋਣ ਕਰ ਕੇ ਉਨ੍ਹਾਂ ਦੇ ਬਿਰਤਾਂਤ ਵਿੱਚੋਂ ਸੈਨਿਕ ਜੀਵਨ ਦੇ ਵੱਖ-ਵੱਖ ਪੱਖਾਂ ਜਿਵੇਂ ਸਮਾਜਿਕ, ਆਰਥਿਕ, ਧਾਰਮਿਕ, ਮਨੋਵਿਗਿਆਨਕ ਆਦਿ ਬਾਰੇ ਵਿਸ਼ਲੇਸ਼ਣ ਕੀਤਾ ਗਿਆ ਹੈ। ਨਿਗਰਾਨ ਡਾ. ਤਾਰਾ ਸਿੰਘ ਨੇ ਦੱਸਿਆ ਕਿ ਸੈਨਿਕ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹੋਣ ਦੇ ਬਾਵਜੂਦ, ਪੰਜਾਬੀ ਸਾਹਿਤ ਦੇ ਹਵਾਲੇ ਨਾਲ਼ ਇਨ੍ਹਾਂ ਬਾਰੇ ਕੋਈ ਖੋਜ-ਕਾਰਜ ਨਹੀਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਖੋਜ ਖੇਤਰ ਵਿੱਚ ਇਹ ਇੱਕ ਨਵਾਂ ਤੇ ਮਹੱਤਵਪੂਰਨ ਪਾਸਾਰਾਂ ਵਾਲਾ ਕਾਰਜ ਹੈ। ਉਨ੍ਹਾਂ ਦੱਸਿਆ ਕਿ ਸੈਨਿਕਾਂ ਦੇ ਅੰਦਰਲੇ ਸੰਸਾਰ ਦੀਆਂ ਪਰਤਾਂ ਨੂੰ ਫਰੋਲਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮੁੱਚੇ ਰੂਪ ਵਿੱਚ ਉਭਾਰਨ ਦਾ ਯਤਨ ਕੀਤਾ ਗਿਆ ਹੈ। ਇਉਂ ਸੈਨਿਕ ਦੇ ਇੱਕ ਮਨੁੱਖ ਵਜੋਂ ਦੁੱਖਾਂ-ਸੁੱਖਾਂ, ਲੋੜਾਂ-ਥੋੜਾਂ, ਸੁਪਨਿਆਂ, ਅਕਾਂਖਿਆਵਾਂ ਤੇ ਦੁਬਿਧਾਵਾਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ। ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਇਹ ਖੋਜ ਰਾਹੀਂ ਇਹ ਸਥਾਪਿਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਸੈਨਿਕ ਸਿਰਫ਼ ਯੋਧਾ ਹੀ ਨਹੀਂ ਸਗੋਂ ਇੱਕ ਸੰਵੇਦਨਸ਼ੀਲ ਮਨੁੱਖ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਲੇਸ਼ਣ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਜਨ-ਜੀਵਨ ਦੇ ਪ੍ਰਮਾਣਿਕ ਸਰੋਤਾਂ ’ਤੇ ਅਧਾਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ, ਸੱਭਿਆਚਾਰਕ ਵਿਲੱਖਣਤਾ ਅਤੇ ਪੰਜਾਬੀ ਜਨ-ਜੀਵਨ ਵਿਚ ਸੈਨਿਕ ਜੀਵਨ ਦੀ ਮਹੱਤਤਾ ਬਾਰੇ ਪ੍ਰਮਾਣਿਤ ਸਰੋਤਾਂ, ਇਤਿਹਾਸਕ ਲਿਖਤਾਂ ਅਤੇ ਸੱਭਿਆਚਾਰਕ ਸਿਰਜਣਾਵਾਂ ਦੇ ਮਾਹਿਰ ਵਿਦਵਾਨਾਂ ਦੇ ਹਵਾਲਿਆਂ ਨਾਲ਼ ਵਿਸ਼ਲੇਸ਼ਣ ਕੀਤਾ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਕਾਰਜ ਸੈਨਾ, ਸੈਨਿਕ ਜੀਵਨ ਤੇ ਪੰਜਾਬੀ ਸਾਹਿਤ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ, ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਲਾਹੇਵੰਦ ਹੋਵੇਗਾ ਅਤੇ ਅਗਲੇਰੇ ਪੱਧਰ ਦੇ ਹੋਰ ਖੋਜ-ਕਾਰਜਾਂ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦਾ ਅਧਾਰ ਵੀ ਬਣੇਗਾ।