ਡੀਆਈਜੀ ਚਾਹਲ ਦੀ ਅਗਵਾਈ ’ਚ ਚਲਾਈ ਤਲਾਸ਼ੀ ਮੁਹਿੰਮ
ਡੀਆਈਜੀ ਕੁਲਦੀਪ ਚਾਹਲ ਦੀ ਅਗਵਾਈ ’ਚ ਚੱਲਿਆ ਤਲਾਸ਼ੀ ਅਭਿਆਨ
Publish Date: Sat, 17 Jan 2026 06:13 PM (IST)
Updated Date: Sat, 17 Jan 2026 06:15 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਗਣਤੰਤਰ ਦਿਵਸ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ‘ਕਾਸੋ’ ਆਪ੍ਰੇਸ਼ਨ ਤਹਿਤ ਸ਼ਨਿਚਰਵਾਰ ਨੂੰ ਚੈਕਿੰਗ ਕੀਤੀ। ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਚਾਹਲ ਦੀ ਅਗਵਾਈ ਹੇਠ ਲਗਭਗ 500 ਪੁਲਿਸ ਮੁਲਾਜ਼ਮਾਂ ਨੇ ਜ਼ਿਲ੍ਹੇ ਭਰ ਵਿੱਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਸਬੰਧਿਤ ਇਲਾਕਿਆਂ ਵਿੱਚ ਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਨੇ ਇਸ ਆਪ੍ਰੇਸ਼ਨ ਤਹਿਤ ਹੋ ਰਹੀ ਚੈਕਿੰਗ ਦੀ ਨਿਗਰਾਨੀ ਕੀਤੀ। ਪਟਿਆਲਾ ਸ਼ਹਿਰ ਵਿੱਚ ਥਾਣਾ ਲਾਹੌਰੀ ਗੇਟ ਦੇ ਇਲਾਕੇ, ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪਟਿਆਲਾ ਵਿੱਚ ਡੀਆਈਜੀ ਤੋਂ ਇਲਾਵਾ ਐੱਸਪੀ ਹੈੱਡਕੁਆਰਟਰ ਆਈਪੀਐੱਸ ਵੈਭਵ ਚੌਧਰੀ, ਡੀਐੱਸਪੀ ਸਤਨਾਮ ਸਿੰਘ, ਡੀਐੱਸਪੀ ਜੰਗਜੀਤ ਸਿੰਘ ਰੰਧਾਵਾ, ਲਾਹੌਰੀ ਗੇਟ ਇੰਚਾਰਜ ਰਣਦੀਪ, ਐੱਸਐੱਚਓ ਗੁਰਪ੍ਰੀਤ ਸਮਰਾਓ, ਸੁਖਦੇਵ ਸਿੰਘ ਸਮੇਤ ਹੋਰ ਥਾਣਿਆਂ ਦੀ ਫੋਰਸ ਤਾਇਨਾਤ ਰਹੀ। ਇਹ ਕਾਸੋ ਆਪ੍ਰੇਸ਼ਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤਕ ਚੱਲਿਆ। ਡੀਆਈਜੀ ਕੁਲਦੀਪ ਚਾਹਲ ਨੇ ਦੱਸਿਆ ਕਿ ਕਾਸੋ ਆਪ੍ਰੇਸ਼ਨ ਦੌਰਾਨ ਰੇਲਵੇ ਸਟੇਸ਼ਨ ਤੋਂ ਇਲਾਵਾ ਰਸਤਿਆਂ ਵਿੱਚ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਹੈ। ਸ਼ੱਕੀ ਲੋਕਾਂ ਦੀ ਜਾਂਚ ‘ਫੇਸਐਪ’ ਰਾਹੀਂ ਕੀਤੀ ਗਈ। ਇੰਨਾ ਹੀ ਨਹੀਂ, ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਪਾਰਕਿੰਗਾਂ ਤੇ ਖੁੱਲ੍ਹੇ ਮੈਦਾਨਾਂ ਵਿੱਚ ਖੜ੍ਹੇ ਵਾਹਨਾਂ ਤੋਂ ਇਲਾਵਾ ਉਨ੍ਹਾਂ ’ਤੇ ਰੱਖੇ ਬੈਗਾਂ ਦੀ ਵੀ ਚੈਕਿੰਗ ਕੀਤੀ। ਡੀਆਈਜੀ ਚਾਹਲ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਹੈ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ। ਇਸ ਤੋਂ ਇਲਾਵਾ ਹੋਟਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਵੀ ਚੈਕਿੰਗ ਕੀਤੀ ਜਾਵੇਗੀ। ਨਸ਼ਾ ਕਰਨ ਜਾਂ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ।