ਸੇਵਾ ਸਿੰਘ ਠੀਕਰੀਵਾਲਾ ਦੇ ਬੁੱਧ ਅੱਗੇ ਸ਼ਰਧਾ ਦੇ ਫੁੱਲ ਕੀਤੇ ਭੇਟ
ਸੇਵਾ ਸਿੰਘ ਠੀਕਰੀਵਾਲਾ ਦੇ ਬੁੱਧ ਅੱਗੇ ਸ਼ਰਧਾ ਦੇ ਫੁੱਲੀ ਕੀਤੇ ਭੇਟ
Publish Date: Sat, 17 Jan 2026 04:59 PM (IST)
Updated Date: Sat, 17 Jan 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਪੰਜਾਬੀ ਜਾਗਰਣ, ਪਟਿਆਲਾ : ਰਾਜਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਚੌਕ ’ਚ ਲੱਗੇ ਉਨ੍ਹਾਂ ਦੀ ਬੁੱਤ ਦੀ ਸਾਫ ਸਫ਼ਾਈ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 20 ਜਨਵਰੀ ਨੂੰ ਸੇਵਾ ਸਿੰਘ ਠੀਕਰੀਵਾਲਾ ਦੀ ਜੱਦੀ ਪਿੰਡ ਠੀਕਰੀਵਾਲਾ ਵਿਖੇ ਸਾਲਾਨਾ ਬਰਸੀ ਸਮਾਗਮ ਹੁੰਦਾ ਹੈ ਜਿਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪ੍ਰਸ਼ੰਸਕਾਂ ਵੱਲੋਂ ਪਟਿਆਲਾ ਸਥਿਤ ਚੌਕ ਵਿਚ ਲੱਗੇ ਬੁੱਤ ਦੀ ਸਾਫ-ਸਫ਼ਾਈ ਕੀਤੀ ਜਾਂਦੀ ਹੈ। ਪਟਿਆਲਾ ਦੇ ਫੁਹਾਰਾ ਚੌਕ ਵਿੱਚ ਸੇਵਾ ਸਿੰਘ ਠੀਕਰੀਵਾਲਾ ਦਾ ਬੁੱਤ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਰਿਆਸਤੀ ਲੋਕਾਂ ਦੇ ਹੱਕਾਂ ਲਈ ਲੜੀ ਗਈ ਜੰਗ ਦੀ ਯਾਦ ਵਿੱਚ ਲਗਾਇਆ ਗਿਆ ਹੈ। ਉਨ੍ਹਾਂ ਨੂੰ ‘ਪੰਜਾਬ ਦੀ ਰਿਆਸਤੀ ਜਨਤਾ ਦਾ ਬੇਤਾਜ ਬਾਦਸ਼ਾਹ’ ਮੰਨਿਆ ਜਾਂਦਾ ਹੈ। ਸੇਵਾ ਸਿੰਘ ਠੀਕਰੀਵਾਲਾ ‘ਪੰਜਾਬ ਰਿਆਸਤੀ ਪ੍ਰਜਾ ਮੰਡਲ’ ਦੇ ਮੁੱਖ ਸੰਸਥਾਪਕ ਅਤੇ ਪ੍ਰਧਾਨ ਸਨ। ਇਹ ਲਹਿਰ ਰਿਆਸਤੀ ਰਾਜਿਆਂ (ਖ਼ਾਸ ਕਰ ਕੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ) ਦੇ ਜਬਰ-ਜ਼ੁਲਮ ਅਤੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦਾ ਮੁੱਖ ਉਦੇਸ਼ ਰਿਆਸਤਾਂ ਵਿੱਚ ਲੋਕਤੰਤਰ ਸਥਾਪਤ ਕਰਨਾ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਸੀ। ਉਸ ਸਮੇਂ ਪਟਿਆਲਾ ਰਿਆਸਤ ਵਿੱਚ ਮਹਾਰਾਜਾ ਦਾ ਪੂਰਾ ਦਬਦਬਾ ਸੀ। ਸੇਵਾ ਸਿੰਘ ਠੀਕਰੀਵਾਲਾ ਨੇ ਮਹਾਰਾਜੇ ਦੀਆਂ ਗੈਰ-ਲੋਕਤੰਤਰੀ ਨੀਤੀਆਂ ਅਤੇ ਜੀਵਨ ਸ਼ੈਲੀ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੂੰ ਕਈ ਵਾਰ ਜੇਲ੍ਹ ਭੇਜਿਆ ਗਿਆ, ਜਿੱਥੇ ਮਾੜੇ ਵਿਵਹਾਰ ਅਤੇ ਰਾਜਨੀਤਿਕ ਕੈਦੀਆਂ ਦੇ ਹੱਕਾਂ ਲਈ ਉਨ੍ਹਾਂ ਨੇ 9 ਮਹੀਨੇ ਲੰਬੀ ਭੁੱਖ ਹੜਤਾਲ ਕੀਤੀ। 20 ਜਨਵਰੀ 1935 ਨੂੰ ਪਟਿਆਲਾ ਦੀ ਜੇਲ੍ਹ ਵਿੱਚ ਹੀ ਉਨ੍ਹਾਂ ਦੀ ਸ਼ਹਾਦਤ ਹੋ ਗਈ।