ਗੱਡੀ ’ਚੋਂ ਪਿਸਤੌਲ ਮਿਲਣ ’ਤੇ ਭਜਾਈ, ਪੁਲਿਸ ਨੇ ਪਿੱਛਾ ਕਰ ਕੇ ਕੀਤੇ ਕਾਬੂ
ਗੱਡੀ ’ਚੋਂ ਪਿਸਤੌਲ ਮਿਲਣ ’ਤੇ ਭਜਾਈ, ਪੁਲਿਸ ਨੇ ਪਿੱਛਾ ਕਰਕੇ ਕੀਤੇ ਕਾਬੂ
Publish Date: Sat, 15 Nov 2025 07:38 PM (IST)
Updated Date: Sun, 16 Nov 2025 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਨੂੜ : ਥਾਣਾ ਬਨੂੜ ਇਲਾਕੇ ’ਚ ਆਉਂਦੇ ਤੇਪਲਾ ਰੋਡ ’ਤੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਚੈਕਿੰਗ ਵਿੱਚ ਜਦੋਂ ਗੱਡੀ ਦੀ ਡਿੱਗੀ ਤੋਂ ਗੈਰ-ਕਾਨੂੰਨੀ ਪਿਸਤੌਲ ਮਿਲੀ ਤਾਂ ਕਾਰ ਸਵਾਰ ਮੌਕੇ ਤੋਂ ਭੱਜ ਗਏ। ਥਾਣਾ ਮੁਖੀ ਨੇ ਕਰੀਬ ਪੰਜ ਕਿਲੋਮੀਟਰ ਤੱਕ ਫਿਲਮੀ ਅੰਦਾਜ਼ ਵਿੱਚ ਪਿੱਛਾ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ। ਗੱਡੀ ਸਵਾਰ ਭੱਜਣ ਲੱਗੇ, ਪਰ ਪੁਲਿਸ ਟੀਮ ਤਿੰਨਾਂ ਨੂੰ ਕਾਬੂ ਕਰ ਲਿਆ। ਘਟਨਾ ਸ਼ੁੱਕਰਵਾਰ ਸ਼ਾਮ ਪੰਜ ਵਜੇ ਦੇ ਬਾਅਦ ਦੀ ਹੈ, ਜਿਸ ਤੋਂ ਬਾਅਦ ਗ੍ਰਿਫ਼ਤਾਰ ਤਿੰਨ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਥਾਣਾ ਮੁਖੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜਮਾਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਭਿਵਾਨੀ ਹਰਿਆਣਾ, ਪਰਵੀਨ ਵਾਸੀ ਹਰਿਆਣਾ ਅਤੇ ਸੁਨੀਲ ਕੁਮਾਰ ਵਾਸੀ ਪਿੰਡ ਬੁਰਾਣਾ ਹਰਿਆਣਾ ਵਜੋਂ ਹੋਈ ਹੈ। ਮੁਲਜਮ 30 ਤੋਂ 35 ਸਾਲ ਦੀ ਉਮਰ ਦੇ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਏਟੀਐਮ ਕਾਰਡ ਬਦਲ ਕੇ ਧੋਖਾਧੜੀ ਕਰਨ ਦੇ ਕਰੀਬ ਤਿੰਨ ਕੇਸ ਹਰ ਇੱਕ ’ਤੇ ਦਰਜ ਹਨ। ਇਨ੍ਹਾਂ ਤੋਂ .315 ਬੋਰ ਦੀ ਇੱਕ ਦੇਸੀ ਪਿਸਤੌਲ ਬਰਾਮਦ ਹੋਈ ਹੈ। ਡੱਬੀ ਸ਼ੰਭੂ ਮਾਰਚ ਕਰਕੇ ਲਾਇਆ ਸੀ ਨਾਕਾ ਘਟਨਾ ਅਨੁਸਾਰ ਥਾਣਾ ਮੁਖੀ ਅਰਸ਼ਦੀਪ ਸਿੰਘ ਅਤੇ ਪੁਲਿਸ ਟੀਮ ਨੇ ਤੇਪਲਾ ਰੋਡ ’ਤੇ ਫੌਜੀ ਕਲੋਨੀ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਕਿਸਾਨਾਂ ਦੇ ਮੋਰਚੇ ਦੇ ਕਾਰਨ ਲਾਏ ਗਏ ਇਸ ਨਾਕੇ ’ਤੇ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹਰਿਆਣਾ ਵੱਲੋਂ ਇਕ ਕਾਰ ਆਈ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਜਿਵੇਂ ਹੀ ਇਨ੍ਹਾਂ ਦੀ ਗੱਡੀ ਦੀ ਡਿੱਗੀ ਦੀ ਚੈਕਿੰਗ ਕੀਤੀ ਤਾਂ ਇਥੋਂਪਿਸਤੌਲ ਮਿਲੀ। ਆਪਣੇ ਆਪ ਫਸਦਾ ਦੇਖ ਮੁਲਜਮਾਂ ਨੇ ਕਾਰ ਭਜਾ ਲਈ। ਗੱਡੀ ਭਜਾਉਂਦੇ ਸਮੇਂ ਇਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।