ਸਮੇਂ ਦੀ ਮਾਰ ਅਤੇ ਆਰਥਿਕ ਮੰਦਹਾਲੀ ਕਾਰਨ ਅੱਜ ਇਹ ਮਹਾਨ ਫਨਕਾਰ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਸੰਘਰਸ਼ ਕਰ ਰਿਹਾ ਹੈ। ਸ਼ਹਿਰ ਦੇ ਜ਼ਿੰਮੇਵਾਰ ਨਾਗਰਿਕ ਅਤੇ ਮਾਂ ਬੋਲੀ ਪ੍ਰੇਮੀ ਗਗਨਦੀਪ ਸਿੰਘ ਅਹੂਜਾ ਨੇ ਇਸ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੀ ਰੌਣਕਾਂ ਵਾਲੀ ਧਰਤੀ ‘ਤੇ ਅੱਜ ਇੱਕ ਅਜਿਹਾ ਸ਼ਖ਼ਸ ਗੁਮਨਾਮੀ ਅਤੇ ਮੰਦਹਾਲੀ ਦੀ ਜ਼ਿੰਦਗੀ ਜੀ ਰਿਹਾ ਹੈ, ਜਿਸਦੀ ਆਪਣੀ ਜ਼ਿੰਦਗੀ ਕਿਸੇ ਦਰਦ ਭਰੀ ਕਵਿਤਾ ਤੋਂ ਘੱਟ ਨਹੀਂ। 82 ਸਾਲਾ ਬਜ਼ੁਰਗ ਸ਼ਾਇਰ ਹਰਬੰਸ ਸਿੰਘ “ਨਾਰੋਵਾਲ ਫਾਨੀ” ਦਿਨੇ ਦਰਜ਼ੀ ਦਾ ਕੰਮ ਕਰਦੇ ਹਨ ਅਤੇ ਰਾਤ ਨੂੰ ਸ਼ਾਇਰੀ ਰਾਹੀਂ ਆਪਣੇ ਜਜ਼ਬਾਤ ਪੰਨਿਆਂ ‘ਤੇ ਉਤਾਰਦੇ ਹਨ। ਉਮਰ ਦੇ ਇਸ ਆਖਰੀ ਪੜਾਅ ਵਿੱਚ ਵੀ ਉਹ ਆਰਥਿਕ ਤੰਗੀ ਕਾਰਨ ਨਹਿਰੂ ਜੈਕਟਾਂ ਅਤੇ ਹੋਰ ਕੱਪੜੇ ਸਿਲਾਈ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਮਜਬੂਰ ਹਨ। ਪਟਿਆਲਾ ਦੇ ਕਈ ਵੱਡੇ ਟੇਲਰ ਉਨ੍ਹਾਂ ਨੂੰ ਕੰਮ ਦਿੰਦੇ ਹਨ, ਜਿਸ ਨੂੰ ਉਹ ਇੱਕ ਛੋਟੀ ਜਿਹੀ ਦੁਕਾਨ ਦੇ ਕੋਨੇ ਵਿੱਚ ਬੈਠ ਕੇ ਪੂਰਾ ਕਰਦੇ ਹਨ।
“ਨਾਰੋਵਾਲ ਫਾਨੀ” ਸਿਰਫ਼ ਇੱਕ ਦਰਜ਼ੀ ਨਹੀਂ, ਬਲਕਿ ਪੰਜਾਬੀ ਸਾਹਿਤ ਜਗਤ ਦਾ ਇੱਕ ਅਨਮੋਲ ਹੀਰਾ ਹਨ। ਉਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਰੋਮਨ ਲਿਪੀ ਵਿੱਚ ਲਿਖ ਕੇ “ਦਿਲ ਦਾ ਦੀਵਾ” ਨਾਮ ਦੀ ਇੱਕ ਖ਼ੂਬਸੂਰਤ ਕਿਤਾਬ ਸਾਹਿਤ ਦੀ ਝੋਲੀ ਪਾਈ। ਇਸ ਕਿਤਾਬ ਵਿੱਚ ਪ੍ਰੇਮ, ਵਿਛੋੜਾ, ਰੂਹਾਨੀਅਤ, ਸਮਾਜਕ ਹਕੀਕਤਾਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਕਵਿਤਾਵਾਂ ਸ਼ਾਮਲ ਹਨ। ਉਨ੍ਹਾਂ ਦੀ ਕਵਿਤਾ “ਗੁਜਰੀ ਦਾ ਲਾਲ – ਸਾਹਿਬ ਗੁਰੂ ਗੋਬਿੰਦ ਸਿੰਘ” ਵਿੱਚ ਇਤਿਹਾਸ ਪ੍ਰਤੀ ਡੂੰਘੀ ਸ਼ਰਧਾ ਝਲਕਦੀ ਹੈ, ਉੱਥੇ ਹੀ “ਜੋਬਨ ਪਲ” ਵਰਗੀਆਂ ਰਚਨਾਵਾਂ ਜੀਵਨ ਦੇ ਫਲਸਫੇ ਨੂੰ ਸਾਦਗੀ ਨਾਲ ਬਿਆਨ ਕਰਦੀਆਂ ਹਨ। ਰੋਮਨ ਪੰਜਾਬੀ ਵਿੱਚ ਲਿਖਣ ਪਿੱਛੇ ਉਨ੍ਹਾਂ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਵੱਸਦੇ ਉਨ੍ਹਾਂ ਨੌਜਵਾਨਾਂ ਨੂੰ ਮਾਂ-ਬੋਲੀ ਨਾਲ ਜੋੜਨਾ ਸੀ, ਜੋ ਗੁਰਮੁਖੀ ਪੜ੍ਹਨਾ ਨਹੀਂ ਜਾਣਦੇ। ਉਹ ਇੱਕ ਸਮੇਂ ਆਲ ਇੰਡੀਆ ਰੇਡੀਓ ਦੇ ਕਵਿਤਾ ਸਮਾਗਮਾਂ ਦਾ ਹਿੱਸਾ ਰਹੇ ਹਨ ਅਤੇ ਕਈ ਵੱਕਾਰੀ ਕਵੀ ਦਰਬਾਰਾਂ ਦੀ ਪ੍ਰਧਾਨਗੀ ਵੀ ਕਰ ਚੁੱਕੇ ਹਨ। ਸਾਹਿਤਕ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ ਹੈ।
ਸਮੇਂ ਦੀ ਮਾਰ ਅਤੇ ਆਰਥਿਕ ਮੰਦਹਾਲੀ ਕਾਰਨ ਅੱਜ ਇਹ ਮਹਾਨ ਫਨਕਾਰ ਰੋਜ਼ਾਨਾ ਦੀਆਂ ਲੋੜਾਂ ਲਈ ਵੀ ਸੰਘਰਸ਼ ਕਰ ਰਿਹਾ ਹੈ। ਸ਼ਹਿਰ ਦੇ ਜ਼ਿੰਮੇਵਾਰ ਨਾਗਰਿਕ ਅਤੇ ਮਾਂ ਬੋਲੀ ਪ੍ਰੇਮੀ ਗਗਨਦੀਪ ਸਿੰਘ ਅਹੂਜਾ ਨੇ ਇਸ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਤੁਰੰਤ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਜ਼ੁਰਗ ਸ਼ਾਇਰ ਦੀਆਂ ਰਚਨਾਵਾਂ ਨੂੰ ਡਿਜ਼ੀਟਲ ਰੂਪ ਵਿੱਚ ਸੰਭਾਲਿਆ ਜਾਵੇ।
ਉਨ੍ਹਾਂ ਦੀਆਂ ਕਿਤਾਬਾਂ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਜਾਵੇ।ਸ਼ਾਇਰ ਨੂੰ ਤੁਰੰਤ ਆਰਥਿਕ ਅਤੇ ਸਮਾਜਿਕ ਸਹਾਰਾ ਦਿੱਤਾ ਜਾਵੇ। ਉਨਾ ਕਿਹਾ ਕਿ ਜਿਹੜੇ ਸਮਾਜ ਆਪਣੇ ਫਨਕਾਰਾਂ ਅਤੇ ਸਾਹਿਤਕਾਰਾਂ ਨੂੰ ਭੁੱਲ ਜਾਂਦੇ ਹਨ, ਉਹ ਹੌਲੀ-ਹੌਲੀ ਆਪਣੀ ਸੱਭਿਆਚਾਰਕ ਪਛਾਣ ਗੁਆ ਬੈਠਦੇ ਹਨ। “ਨਾਰੋਵਾਲ ਫਾਨੀ” ਵਰਗੀਆਂ ਸ਼ਖਸੀਅਤਾਂ ਪੰਜਾਬ ਦੀ ਰੂਹ ਹਨ, ਜਿਨ੍ਹਾਂ ਦੀ ਕਦਰ ਕਰਨਾ ਅਤੇ ਉਨ੍ਹਾਂ ਨੂੰ ਸੰਭਾਲਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।