ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਜਰੂਰੀ : ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ
Publish Date: Sat, 31 Jan 2026 05:10 PM (IST)
Updated Date: Sat, 31 Jan 2026 05:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਗੁਰਦੁਆਰਾ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਮੁਹੱਲਾ ਬਹਲੋਲਪੁਰਾ ਵੱਲੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਵਿੱਚ ਜਿੱਥੇ ਕੀਰਤਨੀ ਜੱਥੇ ਮਾਹੌਲ ਨੂੰ ਗੁਰੂਮਈ ਬਣਾ ਰਹੇ ਸਨ, ਉੱਥੇ ਰਸਤਾ ਸਾਫ ਕਰਦੇ ਬੱਚੇ ਆਸਥਾ ਦੀ ਮਿਸਾਲ ਬਣੇ ਹੋਏ ਸਨ। ਸੰਗਤਾਂ ਵੱਲੋਂ ਪਾਲਕੀ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ ਸਨ। ਪ੍ਰਧਾਨ ਭਿੰਦਰ ਸਿੰਘ ਨੇ ਦੱਸਿਆ ਕਿ 1 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਹੋਵੇਗਾ ਅਤੇ ਸੰਗਤਾਂ ਲਈ ਲੰਗਰ ਲਾਇਆ ਜਾਏਗਾ। ਇਸ ਤੋਂ ਇਲਾਵਾ ਇੱਕ ਅਤੇ ਦੋ ਫਰਵਰੀ ਦੀ ਰਾਤ ਨੂੰ ਦੀਵਾਨ ਵੀ ਸਜਾਏ ਜਾਣਗੇ, ਜਿਸ ਵਿੱਚ ਸੰਤ ਬਾਬਾ ਭੁਪਿੰਦਰ ਸਿੰਘ ਜੀ ਮਾਜਰੇ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਨਗਰ ਕੀਰਤਨ ਵਿੱਚ ਖਜ਼ਾਨਚੀ ਕੁਲਵੰਤ ਸਿੰਘ, ਸਕੱਤਰ ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗ੍ਰੰਥੀ ਗਿਆਨੀ ਲਾਲ ਸਿੰਘ, ਹਰਜੀਤ ਸਿੰਘ, ਅੰਮ੍ਰਿਤ ਪਾਲ ਸਿੰਘ ਦੇ ਨਾਲ ਵੱਡੀ ਗਿਣਤੀ ਵਿੱਚ ਹੋਰ ਸੰਗਤਾਂ ਵੀ ਸ਼ਾਮਲ ਸਨ।