ਪੁਲਿਸ ਮੁਤਾਬਕ ਇਨ੍ਹਾਂ ਦੋਸ਼ੀਆਂ ਨੇ ਕਬੂਲਿਆ ਹੈ ਕਿ 27 ਅਪ੍ਰੈਲ ਦੀ ਰਾਤ ਨੂੰ ਸ਼ੰਭੂ-ਅੰਬਾਲਾ ਰੇਲਵੇ ਮਾਰਗ 'ਤੇ ਹੋਏ ਧਮਾਕੇ ਪਿੱਛੇ ਇਨ੍ਹਾਂ ਦਾ ਹੀ ਹੱਥ ਸੀ, ਜਿਸ ਨਾਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ ਸੀ। ਇਨ੍ਹਾਂ ਦਾ ਮਕਸਦ ਪੰਜਾਬ ਦੇ ਮੁੱਖ ਰੇਲਵੇ ਮਾਰਗਾਂ ਅਤੇ ਜਨਤਕ ਥਾਵਾਂ 'ਤੇ ਧਮਾਕੇ ਕਰਕੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸੀ।
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰ ਪਾਕਿਸਤਾਨ ਦੀ ਖੁਫੀਆ ਏਜੰਸੀ (ISI) ਦੀ ਸ਼ਹਿ 'ਤੇ ਚੱਲ ਰਹੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਡਿਊਲ ਦੇ 4 ਪੇਸ਼ੇਵਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਜੰਗੀ ਅਸਲਾ, ਵਿਸਫੋਟਕ ਸਮੱਗਰੀ ਅਤੇ ਆਧੁਨਿਕ ਤਕਨੀਕੀ ਯੰਤਰ ਬਰਾਮਦ ਕੀਤੇ ਹਨ। ਇਸ ਕਾਰਵਾਈ ਨਾਲ ਬੀਤੇ ਦਿਨੀਂ ਸ਼ੰਭੂ-ਅੰਬਾਲਾ ਰੇਲਵੇ ਮਾਰਗ 'ਤੇ ਹੋਏ ਬੰਬ ਧਮਾਕੇ ਦੀ ਗੁੱਥੀ ਵੀ ਮਹਿਜ਼ 12 ਘੰਟਿਆਂ ਵਿੱਚ ਸੁਲਝਾ ਲਈ ਗਈ ਹੈ।
ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਰਦੀਪ ਸਿੰਘ ਖਾਲਸਾ (ਮੁੱਖ ਸਰਗਨਾ), ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਇਹ ਮੁਲਜ਼ਮ ਖਾਲਿਸਤਾਨੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ ਅਤੇ 'ਚੱਲਦਾ ਵਹੀਰ ਚੱਕਰਵਰਤੀ, ਅਟਾਰੀ' ਨਾਮਕ ਜਥੇਬੰਦੀ ਨਾਲ ਜੁੜੇ ਹੋਏ ਹਨ। ਇਹ ਮਲੇਸ਼ੀਆ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ।
ਪੁਲਿਸ ਮੁਤਾਬਕ ਇਨ੍ਹਾਂ ਦੋਸ਼ੀਆਂ ਨੇ ਕਬੂਲਿਆ ਹੈ ਕਿ 27 ਅਪ੍ਰੈਲ ਦੀ ਰਾਤ ਨੂੰ ਸ਼ੰਭੂ-ਅੰਬਾਲਾ ਰੇਲਵੇ ਮਾਰਗ 'ਤੇ ਹੋਏ ਧਮਾਕੇ ਪਿੱਛੇ ਇਨ੍ਹਾਂ ਦਾ ਹੀ ਹੱਥ ਸੀ, ਜਿਸ ਨਾਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ ਸੀ। ਇਨ੍ਹਾਂ ਦਾ ਮਕਸਦ ਪੰਜਾਬ ਦੇ ਮੁੱਖ ਰੇਲਵੇ ਮਾਰਗਾਂ ਅਤੇ ਜਨਤਕ ਥਾਵਾਂ 'ਤੇ ਧਮਾਕੇ ਕਰਕੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਸੀ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਜ਼ਿੰਦਾ ਬੰਬ, 2 ਪਿਸਤੌਲ (30 ਬੋਰ ਅਤੇ 32 ਬੋਰ), IED ਬਣਾਉਣ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਅਤੇ ਮਲੇਸ਼ੀਆ ਬੈਠੇ ਹੈਂਡਲਰਾਂ ਨਾਲ ਗੱਲਬਾਤ ਲਈ ਵਰਤੇ ਜਾਂਦੇ ਲੈਪਟਾਪ ਅਤੇ ਹੋਰ ਤਕਨੀਕੀ ਸਮੱਗਰੀ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ UAPAਅਸਲਾ ਐਕਟ ਅਤੇ ਐਕਸਪਲੋਸਿਵ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੇ ਵਿਦੇਸ਼ੀ ਸੰਪਰਕਾਂ ਅਤੇ ਹੋਰ ਸੰਭਾਵੀ ਨਿਸ਼ਾਨਿਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।