ਨਗਰ ਕੌਂਸਲ ਨੇ 2 ਦੁਕਾਨਾਂ ਕੀਤੀਆਂ ਸੀਲ, ਦੁਕਾਨਦਾਰ ਖ਼ਫਾ
ਨਗਰ ਕੌਂਸਲ ਨੇ 2 ਦੁਕਾਨਾਂ ਕੀਤੀਆਂ ਸੀਲ, ਦੁਕਾਨਦਾਰ ਖ਼ਫਾ
Publish Date: Thu, 27 Nov 2025 05:34 PM (IST)
Updated Date: Fri, 28 Nov 2025 04:09 AM (IST)

ਨਾਭਾ ਗੇਟ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਕੀਤੀਆਂ ਬੰਦ, ਕੀਤੀ ਨਾਅਰੇਬਾਜ਼ੀ ਕੁਝ ਕੌਂਸਲਰ ਵੀ ਦੁਕਾਨਦਾਰਾਂ ਦੇ ਹੱਕ ’ਚ, ਜਤਾਇਆ ਰੋਸ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵੀਰਵਾਰ ਨੂੰ ਸ਼ਹਿਰ ਦੇ ਨਾਭਾ ਗੇਟ ਵਿਚ ਦੁਪਹਿਰ ਸਮੇਂ ਹੰਗਾਮਾ ਹੋ ਗਿਆ। ਨਗਰ ਕੌਂਸਲ ਨੇ ਇੱਥੋਂ ਦੀਆਂ 2 ਦੁਕਾਨਾਂ ਨੂੰ ਨਾਜਾਇਜ਼ ਉਸਾਰੀਆਂ ਦਾ ਹਵਾਲਾ ਦਿੰਦਿਆਂ ਸੀਲ ਕਰ ਦਿੱਤਾ। ਕੌਂਸਲ ਦੀ ਕਾਰਵਾਈ ਤੋਂ ਖਫ਼ਾ ਵਪਾਰ ਮੰਡਲ ਨੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕਰਦਿਆਂ ਨਗਰ ਕੌਂਸਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਕੌਂਸਲਰ ਵੀ ਦੁਕਾਨਦਾਰਾਂ ਦੀ ਹਮਾਇਤ ਵਿਚ ਆ ਗਏ ਅਤੇ ਕੌਂਸਲ ਦੀ ਕਾਰਵਾਈ ’ਤੇ ਇਤਰਾਜ ਜਤਾਇਆ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਟੀਮ ਨੇ ਜਿਵੇਂ ਹੀ ਨਾਭਾ ਗੇਟ ਸਥਿਤ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਆਰੰਭੀ ਤਾਂ ਸੰਗਰੂਰ ਦੇ 10 ਨਗਰ ਕੌਂਸਲਰ, ਵਪਾਰ ਮੰਡਲ ਦੇ ਪ੍ਰਧਾਨ ਤੇ ਕੁਝ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਕਰ ਕੀਤਾ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੀ ਟੀਮ ਦੇ ਨਾਲ ਸਨ, ਉਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਸ਼ਿਕਾਇਤ ’ਤੇ ਕਾਰਵਾਈ ਹੋ ਰਹੀ ਹੈ। ਇਨਾਂ ਦੁਕਾਨਦਾਰਾਂ ਨੇ ਬਗੈਰ ਪ੍ਰਵਾਨਗੀ ਤੋਂ ਅਣ ਅਧਿਕਾਰਤ ਤਰੀਕੇ ਨਾਲ ਦੁਕਾਨਾਂ ਵਿੱਚ ਉਸਾਰੀ ਕੀਤੀ ਗਈ ਹੈ। ਦੁਕਾਨਦਾਰਾਂ ਵੱਲੋਂ ਕਾਰਜ ਸਾਧਕ ਅਫ਼ਸਰ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ ਪਰ ਉਨਾਂ ਦੀ ਕੋਈ ਨਹੀਂ ਸੁਣੀ ਗਈ। ਨਗਰ ਕੌਂਸਲਰ ਪ੍ਰਦੀਪ ਕੁਮਾਰ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਰਿਪਦਮਨ ਸਿੰਘ ਢਿੱਲੋਂ, ਕੌਂਸਲਰ ਪਰਮਿੰਦਰ ਪਿੰਕੀ, ਕੌਂਸਲਰ ਜਗਜੀਤ ਸਿੰਘ ਕਾਲਾ, ਕੌਂਸਲਰ ਪ੍ਰਦੀਪ ਕੁਮਾਰ ਪੁਰੀ ਕਿਹਾ ਕਿ ਨਗਰ ਕੌਸਲ ਵਲੋ ਸ਼ਹਿਰ ਵਿੱਚ ਦੁਕਾਨਦਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਦਾ ਪ੍ਰਧਾਨ ਸਿਰਫ਼ ਆਪਣੇ ਚਹੇਤਿਆਂ ਦੀ ਗੱਲ ਸੁਣਦਾ ਹੈ। ਆਮ ਦੁਕਾਨਦਾਰਾਂ ਦੀ ਕੋਈ ਵੀ ਫਰਿਆਦ ਸੁਣਨ ਨੂੰ ਤਿਆਰ ਨਹੀਂ। ਨਗਰ ਕੌਂਸਲ ਦੀ ਇਸ ਕਾਰਵਾਈ ਤੋਂ ਭੜਕੇ ਵਪਾਰ ਮੰਡਲ ਸੰਗਰੂਰ ਵੱਲੋਂ ਸ਼ਹਿਰ ਬੰਦ ਦੀ ਕਾਲ ਦੇ ਦਿੱਤੀ ਗਈ ਅਤੇ ਕੁਝ ਹੀ ਮਿੰਟ ਵਿੱਚ ਨਾਭਾ ਗੇਟ ਬਜ਼ਾਰ ਦੇ ਦੁਕਾਨਾਂ ਦੇ ਸ਼ਟਰ ਬੰਦ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ਰੰਸ ਨੇ ਕਿਹਾ ਕਿ ਇਹ ਦੁਕਾਨਦਾਰਾਂ ਦਾ ਸ਼ਰੇਆਮ ਧੱਕਾ ਹੋ ਰਿਹਾ ਹੈ ਜਿਸ ਨੂੰ ਵਪਾਰ ਮੰਡਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨਾਂ ਕਿਹਾ ਕਿ ਇੱਕ ਲੇਡੀਜ਼ ਦੇ ਕਹਿਣ ਤੇ ਨਗਰ ਕੌਂਸਲ ਵੱਲੋਂ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੁਕਾਨ ਵਿੱਚੋਂ ਸਮਾਨ ਬਾਹਰ ਕੱਢਣ ਲਈ ਇੱਕ ਦਿਨ ਦਿੱਤਾ ਜਾਵੇ ਪਰ ਇਸ ਸਬੰਧੀ ਕੌਂਸਲ ਵੱਲੋਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਦੌਰਾਨ ਨਗਰ ਕੌਂਸਲ ਦੀ ਟੀਮ ਨਾਲ ਦੁਕਾਨਦਾਰਾਂ ਵਿਚਕਾਰ ਤਿੱਖੀ ਬਹਿਸਬਾਜ਼ੀ ਵੀ ਹੋਈ ਅਤੇ ਪੁਲਿਸ ਪ੍ਰਸ਼ਾਸਨ ਨੇ ਨਗਰ ਕੌਂਸਲ ਦੇ ਈਓ ਨੂੰ ਭੀੜ ਵਿੱਚੋਂ ਬਾਹਰ ਕੱਢਿਆ ਅਤੇ ਦੂਜੇ ਪਾਸੇ ਨਗਰ ਕੌਂਸਲ ਦੇ ਦਫ਼ਤਰ ਜਾ ਕੇ ਵੀ ਦੁਕਾਨਦਾਰਾਂ ਨੇ ਆਪਣਾ ਰੋਸ ਜ਼ਾਹਰ ਕੀਤਾ। ਦੁਕਾਨਦਾਰਾਂ ਨੇ ਕੌਸਲਰਾਂ ਨੂੰ ਮੰਗ ਪੱਤਰ ਦੇ ਕੇ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ। ਜਿਸਤੇ ਸ਼ੁੱਕਰਵਾਰ ਨੂੰ ਨਗਰ ਕੌਸਲ ਨੇ ਹਾਊਸ ਦੀ ਮੀਟਿੰਗ ਬੁਲਾ ਕੇ ਇਸਦਾ ਹੱਲ ਕੱਢਣ ਦਾ ਭਰੋਸਾ ਦਿੱਤਾ।