ਨਗਰ ਕੌਂਸਲ ਚੋਣਾਂ ਮੰਡੀ ਗੋਬਿੰਦਗੜ੍ਹ : ਭਾਜਪਾ ਦੇ 2, ਅਕਾਲੀ ਦਲ ਦੇ 2 ਤੇ ਕਾਂਗਰਸ ਦੇ ਇਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ
ਭਾਰਤੀ ਜਨਤਾ ਪਾਰਟੀ ਦੀ ਪ੍ਰਿਅੰਕਾ ਗੋਇਲ ਵੱਲੋਂ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖੇ ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਐਸਡੀਐਮ ਅਮਲੋਹ-ਕਮ-ਰਿਟਰਨਿੰਗ ਅਫਸਰ ਵੱਲੋਂ ਉਸਦੇ ਨਾਮਜ਼ਦਗੀ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਹਨ ਇਸ ਲਈ ਐਸਡੀਐਮ ਵੱਲੋਂ ਉਸ ਨੂੰ ਡਿਸਮਿਸ ਕੀਤਾ ਜਾਵੇ।
Publish Date: Tue, 19 May 2026 04:31 PM (IST)
Updated Date: Tue, 19 May 2026 04:40 PM (IST)
ਗਰਗ, ਅਮਲੋਹ : ਮੰਡੀ ਗੋਬਿੰਦਗੜ੍ਹ ਵਿਖੇ ਹੋ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐਸਡੀਐਮ ਅਮਲੋਹ-ਕਮ-ਰਿਟਰਨਿੰਗ ਅਫਸਰ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦੋ ਉਮੀਦਵਾਰ ਪ੍ਰਿਅੰਕਾ ਗੋਇਲ ਵਾਰਡ ਨੰਬਰ 9 ਅਤੇ ਰਮੇਸ਼ ਕੁਮਾਰ ਵਾਰਡ ਨੰਬਰ 24, ਕਾਂਗਰਸ ਪਾਰਟੀ ਦੀ ਵਾਰਡ ਨੰਬਰ 9 ਤੋਂ ਨੀਤੂ ਸਿੰਘ ਦੇ, ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰ ਮਧੂਮੀਤ ਵਾਰਡ ਨੰਬਰ 9 ਅਤੇ ਜਤਿੰਦਰ ਸਿੰਘ ਵਾਰਡ ਨੰਬਰ 28 ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ।
ਭਾਰਤੀ ਜਨਤਾ ਪਾਰਟੀ ਦੀ ਪ੍ਰਿਅੰਕਾ ਗੋਇਲ ਵੱਲੋਂ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖੇ ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਐਸਡੀਐਮ ਅਮਲੋਹ-ਕਮ-ਰਿਟਰਨਿੰਗ ਅਫਸਰ ਵੱਲੋਂ ਉਸਦੇ ਨਾਮਜ਼ਦਗੀ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਹਨ ਇਸ ਲਈ ਐਸਡੀਐਮ ਵੱਲੋਂ ਉਸ ਨੂੰ ਡਿਸਮਿਸ ਕੀਤਾ ਜਾਵੇ।
ਦੂਸਰੇ ਪਾਸੇ, ਕਾਂਗਰਸ ਉਮੀਦਵਾਰ ਨੀਤੂ ਸਿੰਘ ਵੱਲੋਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਦੇ ਸਹਿਯੋਗ ਨਾਲ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਨਾਮਜ਼ਦਗੀ ਪੱਤਰਾਂ ਸੰਬੰਧੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇੱਥੇ ਇਹ ਵਰਨਯੋਗ ਹੈ ਕਿ ਵਾਰਡ ਨੰਬਰ 9 ਤੋਂ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਤ੍ਰਿਪਤਾ ਰਾਣੀ ਨੂੰ ਨਿਰਵਿਰੋਧ ਕੌਂਸਲਰ ਐਲਾਨ ਦਿੱਤਾ ਗਿਆ ਹੈ।
ਸਾਬਕਾ ਮੰਤਰੀ ਨੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ
ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਸਾਰੀਆਂ ਇਲੈਕਸ਼ਨ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਜਦਕਿ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 9 ਵਿਚ ਇਕ ਐਡੀਸ਼ਨਲ ਐਡਵੋਕੇਟ ਜਨਰਲ ਫੈਰੀ ਸੋਫਤ ਦੀ ਮਾਂ ਤ੍ਰਿਪਤਾ ਰਾਣੀ ਨੂੰ ਨਿਰਵਿਰੋਧ ਜਿਤਾਉਣ ਲਈ ਪ੍ਰਸ਼ਾਸਨ ਨੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਹਨ ਜੋ ਕਿ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਹੈ।