ਖੁੱਲ੍ਹੇ ’ਚ ਗੰਦਗੀ ਸੁੱਟਣ ਕਾਰਨ ਸਰਹਿੰਦ ਨਗਰ ਕੌਂਸਲ ਖ਼ਿਲਾਫ਼ ਭਾਰੀ ਰੋਸ
ਖੁੱਲ੍ਹੇ ਵਿੱਚ ਗੰਦਗੀ ਸੁੱਟਣ ਕਾਰਨ ਸਰਹਿੰਦ ਨਗਰ ਕੌਂਸਲ ਖ਼ਿਲਾਫ਼ ਭਾਰੀ ਰੋਸ
Publish Date: Thu, 20 Nov 2025 06:04 PM (IST)
Updated Date: Thu, 20 Nov 2025 06:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਨਗਰ ਕੌਂਸਲ ਵੱਲੋਂ ਆਪਣੇ ਪੂਰੇ ਇਲਾਕੇ ਦਾ ਕੂੜਾ-ਕਰਕਟ ਰੋਜ਼ਾਨਾ 20-25 ਟਰਿੱਪਾਂ ਵਿੱਚ ਬਸੀ ਪਠਾਣਾ ਦੇ ਬਾਈਪਾਸ ਨੇੜੇ ਚੀਮਾ ਗੈਸ ਏਜੰਸੀ ਕੋਲ ਖੁੱਲ੍ਹੇ ਵਿਚ ਸੁੱਟੇ ਜਾਣ ਨਾਲ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਥਾਂ ਪਹਿਲਾਂ ਸੈਰ-ਸਪਾਟਾ ਤੇ ਖੇਤੀ ਲਈ ਮਸ਼ਹੂਰ ਸੀ, ਪਰ ਹੁਣ ਫੈਲੀ ਬਦਬੂ, ਮੱਖੀਆਂ ਤੇ ਮੱਛਰਾਂ ਕਾਰਨ ਦੋ-ਤਿੰਨ ਕਿਲੋਮੀਟਰ ਤੱਕ ਦਾ ਵਾਤਾਵਰਣ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਸਮਾਜ ਸੇਵੀ ਧਰਮਿੰਦਰ ਬਾਂਡਾ ਨੇ ਦੱਸਿਆ ਕਿ ਸਰਹਿੰਦ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਨੂੰ ਲਿਖੇ ਪੱਤਰ ਵਿੱਚ ਇਲਾਕਾ ਵਾਸੀਆਂ ਨੇ ਕਿਹਾ ਹੈ ਕਿ ਬਾਈਪਾਸ ’ਤੇ ਚੱਲ ਰਹੀਆਂ ਫੈਕਟਰੀਆਂ ਵਿਚ ਮਜ਼ਦੂਰਾਂ ਨੂੰ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ, ਮੱਖੀਆਂ ਤੰਗ ਕਰਨ ਕਾਰਨ ਦੁਰਘਟਨਾ ਦਾ ਖਤਰਾ ਵਧ ਗਿਆ ਹੈ ਤੇ ਕਈ ਫੈਕਟਰੀ ਮਾਲਕ ਯੂਨਿਟ ਬੰਦ ਕਰਨ ਦੀ ਸੋਚ ਰਹੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਜਾਣ ਵਾਲੇ ਮੁੱਖ ਮਾਰਗ ਹੋਣ ਕਾਰਨ ਹਰ ਰੋਜ਼ ਹਜ਼ਾਰਾਂ ਵਾਹਨ ਚਾਲਕਾਂ ਨੂੰ ਇਸ ਬਦਬੂ ਵਿੱਚੋਂ ਲੰਘਣਾ ਪੈ ਰਿਹਾ ਹੈ। ਪ੍ਰਾਚੀਨ ਰਾਮ ਮੰਦਿਰ ਜਾਣ ਵਾਲੇ ਸ਼ਰਧਾਲੂ ਵੀ ਇਸ ਗੰਦਗੀ ਕਾਰਨ ਪਰੇਸ਼ਾਨ ਹਨ। ਇਲਾਕਾ ਵਾਸੀਆਂ ਨੇ ਸਰਹਿੰਦ ਮਿਊਂਸੀਪਲ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਗੰਦਗੀ ਹਟਾਉਣ ਤੇ ਵਿਕਲਪਿਕ ਡੰਪਿੰਗ ਸਾਈਟ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕਮਲ ਗੁਪਤਾ, ਰਣਧੀਰ ਧੀਮਾਨ, ਸੰਤੋਖ ਸਹੋਤਾ, ਸੋਹਣ ਸਿੰਘ, ਜਗਦੀਸ਼ ਕੁਮਾਰ, ਮਹਿੰਦਰ ਧੀਮਾਨ, ਨਿਸ਼ੂ ਧੀਮਾਨ, ਧਰਮਿੰਦਰ , ਕੇਵਲ ਕ੍ਰਿਸ਼ਨ, ਅਮਨਦੀਪ ਐਮਸੀ, ਭਗਵੰਤ ਸਿੰਘ, ਅਸ਼ਵਨੀ ਕੁਮਾਰ, ਨਰਪਿੰਦਰ ਸਿੰਘ, ਸ਼ਮੀ, ਰਵਿੰਦਰ ਗੁਪਤਾ, ਕੁਲਵਿੰਦਰ ਸਿੰਘ ਮੌਜੂਦ ਸਨ।