ਸ਼ੰਭੂ ਨੇੜੇ ਰੇਲਵੇ ਟਰੈਕ 'ਤੇ ਜ਼ਬਰਦਸਤ ਧਮਾਕਾ: ਪਟੜੀ ਨੁਕਸਾਨੀ, ਮੌਕੇ ਤੋਂ ਮਨੁੱਖੀ ਮਾਸ ਦੇ ਟੁਕੜੇ ਬਰਾਮਦ; ਡੀਜੀਪੀ ਨੇ ਲਿਆ ਮੌਕੇ ਦਾ ਜਾਇਜਾ
ਵਾਰਦਾਤ ਵਾਲੀ ਜਗ੍ਹਾ ਤੋਂ ਇਕ ਸਿਮ ਕਾਰਡ ਵੀ ਬਰਾਮਦ ਹੋਇਆ ਹੈ, ਜਿਸਨੂੰ ਜਾਂਚ ਲਈ ਲੈਬ ਭੇਜਿਆ ਹੈ। ਇਸ ਮਾਮਲੇ ਦੀ ਜਾਂਚ ਲਈ ਆਰ ਪੀ ਐੱਫ ਦੀ ਮਦਦ ਵੀ ਲਈ ਜਾ ਰਹੀ ਹੈ।
Publish Date: Tue, 28 Apr 2026 08:14 AM (IST)
Updated Date: Tue, 28 Apr 2026 01:37 PM (IST)
ਕਰਮਵੀਰ ਸਿੰਘ ਮਰਦਾਂਪੁਰ ਪੰਜਾਬੀ ਜਾਗਰਣ,ਘਨੌਰ: ਸ਼ੰਭੂ-ਅੰਬਾਲਾ ਰੇਲ ਮਾਰਗ 'ਤੇ ਸੋਮਵਾਰ ਦੇਰ ਰਾਤ ਹੋਏ ਇੱਕ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਇਸ ਧਮਾਕੇ ਕਾਰਨ ਰੇਲਵੇ ਪਟੜੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਰੇਲ ਯਾਤਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਵਾਲੀ ਥਾਂ ਤੋਂ ਮਨੁੱਖੀ ਸਰੀਰ ਦੇ ਅੰਗ ਮਿਲਣ ਕਾਰਨ ਮਾਮਲਾ ਬੇਹੱਦ ਗੰਭੀਰ ਹੋ ਗਿਆ ਹੈ।
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਸੁਰੱਖਿਆ ਬਲ (RPF) ਵਿੱਚ ਹੜਕੰਪ ਮਚ ਗਿਆ। SSP ਵਰੁਣ ਸ਼ਰਮਾ, DSP ਦਲਜੀਤ ਵਿਰਕ ਅਤੇ SHO ਗੁਰਮੁੱਖ ਸਿੰਘ ਵਿਰਕ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਇਸ ਰੂਟ 'ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ।
ਰਾਜਪੁਰਾ ਵਿਖੇ ਹੋਏ ਭਿਆਨਕ ਧਮਾਕੇ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਡੀ.ਜੀ.ਪੀ. ਸ਼ਸ਼ੀ ਪ੍ਰਭਾ ਮੌਕੇ 'ਤੇ ਪਹੁੰਚੇ। ਧਮਾਕੇ ਚ ਹਲਾਕ ਹੋਏ ਵਿਅਕਤੀ ਲਾਸ਼ ਕਈ ਟੁਕੜਿਆਂ ਵਿੱਚ ਰਾਜਪੁਰਾ ਦੇ ਸਿਵਲ ਹਸਪਤਾਲ ਲਿਆਂਦੀ ਗਈ ਹੈ।
ਡੀ.ਜੀ.ਪੀ. ਦਾ ਬਿਆਨ
ਸਪੈਸ਼ਲ ਡੀ.ਜੀ.ਪੀ. ਸ਼ਸ਼ੀ ਪ੍ਰਭਾ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਘਟਨਾ ਵਿੱਚ ਪਾਕਿਸਤਾਨੀ ਸਬੰਧਾਂ (ਵਿਦੇਸ਼ੀ ਹੱਥ) ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਅਜੇ ਕਿਸੇ ਨਤੀਜੇ 'ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ।
ਇੱਥੇ ਯੋਗ ਹੈ ਕਿ ਰੇਲਵੇ ਲਾਈਨ ਤੇ ਧਮਾਕੇ ਦੌਰਾਨ ਮਰਨ ਵਾਲੇ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਪੰਜਵੜ ਤਰਨ ਤਾਰਨ ਵਜੋਂ ਹੋਈ ਹੈ। ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ, ਡੀਆਈਜੀ ਕੁਲਦੀਪ ਸਿੰਘ ਚਹਿਲ ਸਮੇਤ ਉਨ੍ਹਾਂ ਨੇ ਮੌਕੇ ਦਾ ਜਾਇਜਾ ਲਿਆ ਗਿਆ। ਮੌਕੇ ਤੋਂ ਵਿਅਕਤੀ ਦੀ ਲਾਸ਼ ਕਈ ਟੁਕੜਿਆਂ ਮਿਲੀ ਹੈ। ਮੁੱਢਲੀ ਜਾਂਚ ਅਨੁਸਾਰ ਇਹ ਵਿਅਕਤੀ ਧਮਾਕਾ ਸਮੱਗਰੀ ਰੱਖਣ ਆਇਆ ਤੇ ਮੌਕੇ ਤੇ ਹੀ ਧਮਾਕਾ ਹੋ ਗਿਆ ਤੇ ਖੁਦ ਹੀ ਇਸਦੀ ਲਪੇਟ ਵਿਚ ਆ ਗਿਆ। ਵਾਰਦਾਤ ਵਾਲੀ ਜਗ੍ਹਾ ਤੋਂ ਇਕ ਸਿਮ ਕਾਰਡ ਵੀ ਬਰਾਮਦ ਹੋਇਆ ਹੈ, ਜਿਸਨੂੰ ਜਾਂਚ ਲਈ ਲੈਬ ਭੇਜਿਆ ਹੈ। ਇਸ ਮਾਮਲੇ ਦੀ ਜਾਂਚ ਲਈ ਆਰ ਪੀ ਐੱਫ ਦੀ ਮਦਦ ਵੀ ਲਈ ਜਾ ਰਹੀ ਹੈ।