ਬਸੰਤ ਪੰਚਮੀ ਨੂੰ ਲੈ ਕੇ ਪਤੰਗਬਾਜ਼ਾਂ ’ਚ ਉਤਸਾਹ, ਪੁਲਿਸ ਵੀ ਚੌਕਸ
ਬਸੰਤ ਪੰਚਮੀ ਨੂੰ ਲੈ ਕੇ ਪਤੰਗਬਾਜ਼ਾਂ ’ਚ ਉਤਸਾਹ, ਪੁਲਿਸ ਵੀ ਚੌਕਸ
Publish Date: Tue, 20 Jan 2026 06:52 PM (IST)
Updated Date: Wed, 21 Jan 2026 04:13 AM (IST)

ਪੁਲਿਸ ਚਾਇਨਾ ਡੋਰ ਖ਼ਿਲਾਫ ਪੂਰੀ ਮੁਸ਼ਤੈਦ ਆ ਰਹੀ ਨਜ਼ਰ, ਕੀਤੀ ਚੈਕਿੰਗ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬਸੰਤ ਪੰਚਮੀ ਵਿੱਚ ਮਹਿਜ ਦੋ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ। ਜਿਸਦੇ ਮੱਦੇਨਜ਼ਰ ਪਤੰਗਬਾਜੀ ਦੇ ਸ਼ੌਕੀਨਾਂ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੰਗ ਬਿਰੰਗੇ ਪਤੰਗਾਂ ਨਾਲ ਅਸਮਾਨ ਭਰਨ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਪ੍ਰੰਤੂ ਪਤੰਗਬਾਜ਼ੀ ਦੇ ਲਈ ਇਸਤੇਮਾਲ ਕੀਤੀ ਜਾ ਰਹੀ ਪਲਾਸਟਿਕ ਚਾਈਨੀਜ ਡੋਰ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਚਿੰਤਾ ਵਧ ਗਈ ਹੈ। ਖਤਰਨਾਕ ਪਲਾਸਟਿਕ ਡੋਰ ਤੋਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਮੰਗਲਵਾਰ ਨੂੰ ਪੁਲਿਸ ਨੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚ ਪਤੰਗ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਪੁਲਿਸ ਨੇ ਪਟਿਆਲਾ ਗੇਟ ਅਤੇ ਸੁਨਾਮੀ ਗੇਟ ਬਜ਼ਾਰ ਵਿੱਚ ਇੱਕ ਤੋਂ ਬਾਅਦ ਇਕ ਕਈ ਦੁਕਾਨਾਂ ਦੀ ਤਲਾਸ਼ੀ ਲਈ ਗਈ, ਪ੍ਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਿਸ ਨੂੰ ਕਿਸੇ ਵੀ ਦੁਕਾਨ ਤੋਂ ਪਲਾਸਟਿਕ ਚਾਈਨੀਜ ਡੋਰ ਬਰਾਮਦ ਨਹੀਂ ਹੋਈ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਇਕੱਲੀ ਸੂਤੀ ਡੋਰ ਹੀ ਵੇਚ ਰਹੇ ਹਨ, ਪਬੰਦੀਸ਼ੁਦਾ ਡੋਰ ਦਾ ਉਨ੍ਹਾਂ ਕੋਲ ਕੋਈ ਸਟਾਕ ਨਹੀਂ ਹੈ। ਹਾਲਾਂਕਿ, ਪੁਲਿਸ ਦੀ ਇਸ ਕਾਰਵਾਈ ਦੇ ਬਾਵਜੂਦ ਇਹ ਸਥਿਤੀ ਵੀ ਸਾਹਮਣੇ ਆ ਰਹੀ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਜਾਨਾ ਉੱਡਣ ਵਾਲੀਆਂ ਪਤੰਗਾਂ ਚਾਈਨੀਜ ਡੋਰ ਦੇ ਸਹਾਰੇ ਉਡਾਈਆਂ ਜਾ ਰਹੀਆਂ ਹਨ। ਜਿਸਤੋਂ ਸਪੱਸ਼ਟ ਹੈ ਕਿ ਪਲਾਸਟਿਕ ਡੋਰ ਦੇ ਕਾਲੇ ਕਾਰੋਬਾਰ ਨਾਲ ਜੁੜ਼ੇ ਕਾਰੋਬਾਰੀ ਹਾਲੇ ਵੀ ਪੁਲਿਸ ਦੀ ਨਜ਼ਰ ਤੋਂ ਦੂਰ ਪਲਾਸਟਿਕ ਦੀ ਡੋਰ ਵੇਚ ਰਹੇ ਹਨ। ਇਸ ਲਈ ਅਖੀਰ ਇਹ ਪਬੰਦੀਸ਼ੁਦਾ ਡੋਰ ਬਜ਼ਾਰਾਂ ਦੀ ਚੈਕਿੰਗ ਦੇ ਦੌਰਾਨ ਪੁਲਿਸ ਦੀ ਪਕੜ ਵਿੱਚ ਕਿਉਂ ਨਹੀਂ ਆ ਰਹੀ ਹੈ। ਲੋਕ ਦੇਣ ਪੁਲਿਸ ਨੂੰ ਸੂਚਨਾ, ਨਾ ਵਰਤਣ ਪਲਾਸਟਿਕ ਡੋਰ : ਐੱਸਐੱਚਓ ਥਾਣਾ ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਕਿਹਾ ਕਿ ਪਲਾਸਟਿਕ ਡੋਰ ਦੀ ਵਿਕਰੀ, ਭੰਡਾਰਨ ਅਤੇ ਇਸਤੇਮਾਲ ਤੇ ਪੂਰੀ ਤਰ੍ਹਾਂ ਰੋਕ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਅਗਲੇ ਦੋ ਦਿਨਾਂ ਵਿੱਚ ਡੋਰ ਦੀ ਵਿਕਰੀ ਵਿੱਚ ਤੇਜੀ ਆਉਣ ਦੀ ਸੰਭਾਵਨਾ ਨੂੰ ਵੇਖਦਿਆਂ ਪੁਲਿਸ ਨੇ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ। ਬਜ਼ਾਰਾਂ ਦੇ ਨਾਲ-ਨਾਲ ਗੋਦਾਮਾ, ਸ਼ੱਕੀ ਸਥਾਨਾਂ ਅਤੇ ਪਤੰਗ ਉਡਾਉਣ ਵਾਲੇ ਪ੍ਰਮੁੱਖ ਇਲਾਕਿਆਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਸਹਿਯੋਗ ਦੀ ਅਪੀਲ ਕੀਤੀ। ਜੇਕਰ ਕਿਤੇ ਇਸਦੀ ਵਿਕਰੀ ਜਾਂ ਇਸਤੇਮਾਲ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਹੁਣ ਤੱਕ 1100 ਤੋਂ ਜਿਆਦਾ ਗੁੱਟ ਬਰਾਮਦ, ਕੇਸ ਦਰਜ ਇਸ ਸੀਜਨ ਦੌਰਾਨ ਸਭ ਤੋ ਪਹਿਲਾਂ ਧੂਰੀ ਪੁਲਿਸ ਨੇ ਇਕ ਕਾਰੋਬਾਰੀ ਨੂੰ 1004 ਗੁੱਟ ਪਲਾਸਟਿਕ ਡੋਰ ਸਮੇਤ ਗ੍ਰਿਫਤਾਰ ਕੀਤਾ। ਜ਼ਿਲ੍ਹਾ ਸੰਗਰੂਰ ਪੁਲਿਸ ਹੁਣ ਤੱਕ 1100 ਤੋ ਜ਼ਿਆਦਾ ਪਲਾਸਟਿਕ ਡੋਰ ਦੇ ਗੁੱਟ ਬਰਾਮਦ ਕਰ ਚੁੱਕੀ ਹੈ। ਪੰਜ ਤੋਂ ਜਿਆਦਾ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ। ਪੁਲਿਸ ਵੱਲੋਂ ਹਰ ਸਾਲ ਪਲਾਸਟਿਕ ਡੋਰ ਤੇ ਸਖਤੀ ਦਿਖਾਉਂਦਿਆ ਪਬੰਦੀ ਲਾਈ ਜਾਂਦੀ ਹੈ। ਸਖਤੀ ਨਾਲ ਇਸ ਡੋਰ ਦੇ ਇਸਤੇਮਾਲ ਵਿੱਚ ਕਮੀ ਆਈ ਹੈ।