ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
Publish Date: Thu, 18 Dec 2025 05:56 PM (IST)
Updated Date: Thu, 18 Dec 2025 05:58 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਸੰਯੁਕਤ ਕਿਸਾਨ ਮੋਰਚਾ (ਗੈਰ—ਸਿਆਸੀ) ਵੱਲੋਂ ਤਾਮਿਲਨਾਡੂ ਦੇ ਦੋ ਕਿਸਾਨ ਆਗੂਆਂ ਪੀਆਰ ਪਾਂਡਿਅਨ ਅਤੇ ਸੇਲਵਰਾਜ ਨੂੰ ਹੋਈ ਸਜ਼ਾ ਦੇ ਮਾਮਲੇ ’ਚ ਉਨ੍ਹਾਂ ਦੀ ਰਿਹਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕਰਨ ਉਪਰੰਤ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ (ਗੈਰ—ਸਿਆਸੀ) ਦੇ ਸੂਬਾ ਖਜ਼ਾਨਚੀ ਮਾਨ ਸਿੰਘ ਰਾਜਪੁਰਾ ਅਤੇ ਜਿ਼ਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਨੇ ਆਖਿਆ ਕਿ ਤਾਮਿਲਨਾਡੂ ਦੇ ਕਿਸਾਨ ਨੇਤਾ ਪੀਆਰ ਪਾਂਡਿਅਨ ਨੇ ਆਪਣਾ ਪੂਰਾ ਜੀਵਨ ਕਿਸਾਨ ਭਾਈਚਾਰੇ ਦੇ ਜੀਵਨ ਨੂੰ ਉੱਚਾ ਚੁੱਕਣ ਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ। 2013 ’ਚ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਕਰੀਮੰਗਲਮ ’ਚ ਰਾਜ ਸਰਕਾਰ ਵੱਲੋਂ ਐਲਾਨੀ ਸੁਰੱਖਿਅਤ ਖੇਤੀਬਾੜੀ ਜ਼ਮੀਨ ਖੇਤਰ ’ਚ ਓਐੱਨਜੀਸੀ ਕੰਪਨੀ ਵੱਲੋਂ ਸ਼ੁਰੂ ਕੀਤੇ ਗਏ ਖੁਦਾਈ ਤੇ ਡ੍ਰਿਲਿੰਗ ਦੇ ਕੰਮ ਕਾਰਨ ਉੱਥੇ ਗੈਸ ਲੀਕ ਹੋਣ ਦੀ ਘਟਨਾ ਕਰਕੇ ਸਥਾਨਕ ਲੋਕਾਂ ’ਚ ਵੱਡੇ ਪੱਧਰ ’ਤੇ ਜਾਨ—ਮਾਲ ਦੇ ਨੁਕਸਾਨ ਦੇ ਡਰ ਦਾ ਮਾਹੌਲ ਬਣਿਆ, ਜਿਸ ਕਾਰਨ ਰਾਜ ਸਰਕਾਰ ਵੱਲੋਂ ਕੰਮ ’ਤੇ ਰੋਕ ਲਗਾ ਦਿੱਤੀ ਗਈ। ਇਸ ਮੌਕੇ ਵੱਖ—ਵੱਖ ਕਿਸਾਨ ਜਥੇਬੰਦੀਆਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਕਿਸਾਨ ਆਗੂਆਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਦਲਜੀਤ ਸਿੰਘ ਮੀਤ ਪ੍ਰਧਾਨ ਬਲਾਕ ਰਾਜਪੁਰਾ, ਮਹਿੰਦਰ ਸਿੰਘ ਬਲਾਕ ਪ੍ਰਧਾਨ ਸ਼ੰਭੂ, ਸਤਵੰਤ ਸਿੰਘ ਬਲਾਕ ਪ੍ਰਧਾਨ ਪਟਿਆਲਾ, ਸਤਪਾਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਰਾਸ਼ਟਰਪਤੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ।